Bible Versions
Bible Books

8
:

1 ਉਨ੍ਹਾਂ ਦਿਨਾਂ ਵਿੱਚ ਹੀ, ਯਿਸੂ ਦੇ ਦੁਆਲੇ ਬਹੁਤ ਸਾਰੇ ਲੋਕ ਫ਼ੇਰ ਇਕਠੇ ਹੋਏ। ਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ। ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ,
2 “ਮੈਨੂੰ ਇਨ੍ਹਾਂ ਲੋਕਾਂ ਤੇ ਤਰਸ ਆਉਂਦਾ ਹੈ ਕਿਉਂਕਿ ਇਹ ਪਿਛਲੇ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹਿ ਰਹੇ ਹਨ ਅਤੇ ਹੁਣ ਇਨ੍ਹਾਂ ਕੋਲ ਖਾਣ ਨੂੰ ਕੁਝ ਵੀ ਨਹੀਂ ਹੈ।
3 ਜੇਕਰ ਮੈਂ ਇਨ੍ਹਾਂ ਨੂੰ ਭੁਖਿਆਂ ਭੇਜਦਾ ਹਾਂ। ਇਹ ਰਾਹ ਵਿੱਚ ਹੀ ਬੇਹੋਸ਼ ਹੋ ਜਾਣਗੇ। ਕੁਝ ਲੋਕ ਇਨ੍ਹਾਂ ਵਿੱਚੋਂ ਇਥੋਂ ਕਾਫ਼ੀ ਦੂਰ ਰਹਿੰਦੇ ਹਨ।”
4 ਯਿਸੂ ਦੇ ਚੇਲਿਆਂ ਨੇ ਆਖਿਆ, “ਪਰ ਅਸੀਂ ਇਥੇ ਕਿਸੇ ਵੀ ਸ਼ਹਿਰ ਤੋਂ ਬਹੁਤ ਦੂਰ ਹਾਂ ਅਤੇ ਅਸੀਂ ਇਸਲਈ ਇੰਨੇ ਸਾਰੇ ਲੋਕਾਂ ਲਈ ਖਾਣ ਦਾ ਇੰਤਜ਼ਾਮ ਕਿਥੋਂ ਕਰ ਸਕਦੇ ਹਾਂ?”
5 ਫ਼ੇਰ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਚੇਲਿਆਂ ਨੇ ਕਿਹਾ, “ਸਾਡੇ ਕੋਲ ਸਿਰਫ਼ ਸੱਤ ਰੋਟੀਆਂ ਹਨ।”
6 ਯਿਸੂ ਨੇ ਲੋਕਾਂ ਨੂੰ ਜ਼ਮੀਨ ਤੇ ਬੈਠਣ ਲਈ ਕਿਹਾ। ਉਸਨੇ ਸੱਤ ਰੋਟੀਆਂ ਲੈਕੇ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ ਅਤੇ ਰੋਟੀਆਂ ਤੋਡ਼ੀਆਂ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤੀਆਂ। ਉਨ੍ਹਾਂ ਨੂੰ ਕਿਹਾ ਕਿ ਇਹ ਰੋਟੀਆਂ ਇਕਠੀ ਹੋਈ ਭੀਡ਼ ਨੂੰ ਵੰਡ ਦੇਵੋ। ਚੇਲਿਆਂ ਨੇ ਉਵੇਂ ਕੀਤਾ ਜਿਵੇਂ ਉਸਨੇ ਆਖਿਆ ਸੀ।
7 ਚੇਲਿਆਂ ਕੋਲ ਕੁਝ ਛੋਟੀਆਂ ਮਛੀਆਂ ਵੀ ਸਨ ਅਤੇ ਉਸਨੇ ਮਛੀ ਵੀ ਲਈ ਅਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਅਤੇ ਉਸਨੇ ਉਨ੍ਹਾਂ ਨੂੰ ਮਛੀਆਂ ਵੀ ਲੋਕਾਂ ਵਿੱਚ ਵੰਡਣ ਲਈ ਕਿਹਾ।
8 ਸਭ ਲੋਕਾਂ ਨੇ ਢਿਡ੍ਡ ਭਰਕੇ ਖਾਧਾ। ਇਸਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਭੋਜਨ ਦੇ ਟੁਕਡ਼ਿਆਂ ਨਾਲ ਸੱਤ ਟੋਕਰੇ ਭਰੇ।
9 ਤਕਰੀਬਨ ਚਾਰ ਹਜ਼ਾਰ ਲੋਕਾਂ ਨੇ ਭੋਜਨ ਕੀਤਾ, ਜਦੋਂ ਉਹ ਖਾ ਚੁੱਕੇ ਤਾਂ ਯਿਸੂ ਨੇ ਉਨ੍ਹਾਂ ਨੂੰ ਘਰ ਜਾਣ ਨੂੰ ਕਿਹਾ।
10 ਤਦ ਯਿਸੂ ਆਪਣੇ ਚੇਲਿਆਂ ਨਾਲ ਬੇਡ਼ੀ ਵਿੱਚ ਚਢ਼ ਗਿਆ ਅਤੇ ਦਲਮਨੂਥਾ ਦੇ ਇਲਾਕੇ ਵਿੱਚ ਆਇਆ।
11 ਫ਼ਰੀਸੀ ਯਿਸੂ ਕੋਲ ਆਏ ਅਤੇ ਉਸਨੂੰ ਕੁਝ ਸਵਾਲ ਕੀਤੇ। ਉਹ ਯਿਸੂ ਨੂੰ ਪਰਤਿਆਉਣਾ ਚਾਹੁੰਦੇ ਸਨ ਇਸੇ ਲਈ ਉਨ੍ਹਾਂ ਨੇ ਉਸਨੂੰ ਕਿਹਾ, ‘ਇਹ ਦੱਸਣ ਲਈ, ਤੂੰ ਕੋਈ ਕਰਿਸ਼ਮਾ ਕਰਕੇ ਵਿਖਾ ਕਿ ਉਹ ਪਰਮੇਸ਼ੁਰ ਵੱਲੋਂ ਹੈ।’
12 ਯਿਸੂ ਨੇ ਆਪਣੇ ਆਤਮੇ ਤੋਂ ਹਉਂਕਾ ਭਰਕੇ ਕਿਹਾ, “ਤੁਸੀਂ ਕੋਈ ਕਰਿਸ਼ਮਾ ਕਿਉਂ ਵੇਖਣਾ ਚਾਹੁੰਦੇ ਹੋ? ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਕਿ ਤੁਹਾਨੂੰ ਕੋਈ ਕਰਿਸ਼ਮਾ ਨਹੀਂ ਵਿਖਾਇਆ ਜਾਵੇਗਾ।”
13 ਫ਼ੇਰ ਉਹ ਫ਼ਰੀਸੀਆਂ ਨੂੰ ਛੱਡਕੇ, ਬੇਡ਼ੀ ਵਿੱਚ ਚਢ਼ਿਆ ਅਤੇ ਝੀਲ ਪਾਰ ਕਰ ਗਿਆ।
14 ਚੇਲਿਆਂ ਕੋਲ ਬੇਡ਼ੀ ਵਿੱਚ ਸਿਰਫ਼ ਇੱਕੋ ਹੀ ਰੋਟੀ ਸੀ, ਚੇਲੇ ਆਪਣੇ ਨਾਲ ਰੋਟੀ ਲਿਆਉਣੀ ਭੁੱਲ ਗਏ ਸਨ।
15 ਯਿਸੂ ਨੇ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਅਤੇ ਆਖਿਆ, “ਸਾਵਧਾਨ ਰਹੋ ਅਤੇ ਆਪਣੇ-ਆਪ ਨੂੰ ਫ਼ਰੀਸੀਆਂ ਦੇ ਖਮੀਰ ਅਤੇ ਹੇਰੋਦੇਸ ਦੇ ਖਮੀਰ ਤੋਂ ਬਚਾਓ!”
16 ਚੇਲਿਆਂ ਨੇ ਆਪਸ ਵਿੱਚ ਇਸ ਗੱਲ ਤੇ ਵਿਚਾਰ ਕੀਤਾ ਅਤੇ ਕਿਹਾ, “ਉਸਨੇ ਇਹ ਇਸਲਈ ਆਖਿਆ ਹੈ ਕਿਉਂਕਿ ਸਾਡੇ ਕੋਲ ਰੋਟੀ ਨਹੀਂ ਹੈ।”
17 ਯਿਸੂ ਜਾਣਦਾ ਸੀ ਕਿ ਉਸਦੇ ਚੇਲੇ ਇਸ ਬਾਰੇ ਗੱਲ ਕਰ ਰਹੇ ਹਨ। ਇਸੇ ਲਈ ਉਸਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਹ ਵਿਚਾਰ ਕਿਉਂ ਕਰ ਰਹੇ ਹੋ ਕਿ ਸਾਡੇ ਕੋਲ ਰੋਟੀ ਨਹੀਂ ਹੈ? ਕੀ ਤੁਸੀਂ ਅਜੇ ਵੀ ਵੇਖ ਸਮਝ ਨਹੀਂ ਸਕਦੇ? ਕੀ ਤੁਸੀਂ ਇਹ ਸਮਝਣ ਦੇ ਸਮਰਥ ਨਹੀਂ?
18 ਕੀ ਤੁਸੀਂ ਆਪਣੀਆਂ ਅਖਾਂ ਨਾਲ ਨਹੀਂ ਵੇਖ ਸਕਦੇ? ਕੀ ਤੁਸੀਂ ਆਪਣੇ ਕੰਨਾਂ ਨਾਲ ਨਹੀਂ ਸੁਣ ਸਕਦੇ? ਕੀ ਤੁਹਾਨੂੰ ਯਾਦ ਨਹੀਂ ਜਦੋਂ ਸਾਡੇ ਖਾਣ ਨੂੰ ਕੁਝ ਨਹੀਂ ਸੀ ਤਾਂ ਮੈਂ ਕੀ ਕੀਤਾ ਸੀ।
19 ਮੈਂ ਪੰਜ ਰੋਟੀਆਂ ਨੂੰ ਪੰਜ-ਹਜ਼ਾਰ ਲੋਕਾਂ ਵਿੱਚ ਵੰਡਿਆ ਸੀ। ਕੀ ਤੁਹਾਨੂੰ ਯਾਦ ਹੈ, ਲੋਕਾਂ ਨੂੰ ਖੁਆਉਣ ਤੋਂ ਬਾਅਦ ਬਚੇ ਹੋਏ ਭੋਜਨ ਦੇ ਟੁਕਡ਼ਿਆਂ ਦੀਆਂ ਤੁਸੀਂ ਕਿੰਨੀਆਂ ਟੋਕਰੀਆਂ ਭਰੀਆਂ ਸਨ? ਚੇਲਿਆਂ ਨੇ ਜਵਾਬ ਦਿੱਤਾ, “ਅਸੀਂ ਬਾਰ੍ਹਾਂ, ਟੋਕਰੀਆਂ ਭਰੀਆਂ ਸਨ।”
20 “ਅਤੇ ਯਾਦ ਕਰੋ ਜਦੋਂ ਮੈਂ ਸੱਤ ਰੋਟੀਆਂ ਨੂੰ ਵੰਡਕੇ ਚਾਰ ਹਜ਼ਾਰ ਲੋਕਾਂ ਵਿੱਚ ਵੰਡਿਆ ਸੀ, ਅਤੇ ਤੁਸੀਂ ਬਚੇ ਹੋਏ ਭੋਜਨ ਦੇ ਟੁਕਡ਼ਿਆਂ ਦੀਆਂ ਕਿੰਨੀਆਂ ਟੋਕਰੀਆਂ ਭਰੀਆਂ ਸਨ?” ਚੇਲਿਆਂ ਨੇ ਉੱਤਰ ਦਿੱਤਾ, “ਅਸੀਂ ਸੱਤ ਟੋਕਰੀਆਂ ਭਰੀਆਂ ਸਨ।”
21 ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਹਾਨੂੰ ਯਾਦ ਹੈ ਮੈਂ ਜੋ ਕੁਝ ਕੀਤਾ ਸੀ, “ਪਰ ਕੀ ਫ਼ੇਰ ਵੀ ਤੁਸੀਂ ਨਹੀਂ ਸਮਝਦੇ?”
22 ਯਿਸੂ ਅਤੇ ਉਸਦੇ ਚੇਲੇ ਬੈਤਸੈਦਾ ਨੂੰ ਆਏ। ਉਥੇ ਕੁਝ ਲੋਕ ਉਸ ਕੋਲ ਇੱਕ ਅੰਨ੍ਹੇ ਆਦਮੀ ਨੂੰ ਲਿਆਏ। ਉਨ੍ਹਾਂ ਨੇ ਉਸ ਅੱਗੇ ਮਿੰਨਤ ਕੀਤੀ ਕਿ ਉਹ ਉਸਨੂੰ ਛੋਹੇ।
23 ਤਾਂ ਉਹ ਅੰਨ੍ਹੇ ਆਦਮੀ ਦਾ ਹੱਥ ਫ਼ਡ਼ਕੇ ਉਸਨੂੰ ਸ਼ਹਿਰੋਂ ਬਾਹਰ ਲੈ ਗਿਆ। ਫ਼ੇਰ ਯਿਸੂ ਨੇ ਉਸਦੀਆਂ ਅਖਾਂ ਤੇ ਥੁਕਿਆ ਅਤੇ ਆਪਣੇ ਹੱਥ ਉਸ ਉੱਤੇ ਰਖਕੇ ਪੁੱਛਿਆ, “ਕੀ ਹੁਣ ਤੂੰ ਕੁਝ ਵੇਖ ਸਕਦਾ ਹੈ?”
24 ਅੰਨ੍ਹੇ ਆਦਮੀ ਨੇ ਨਜ਼ਰ ਪਟ੍ਟਕੇ ਵੇਖਿਆ ਅਤੇ ਕਿਹਾ, “ਹਾਂ, ਮੈਂ ਲੋਕਾਂ ਨੂੰ ਵੇਖਦਾ ਹਾਂ ਅਤੇ ਉਹ ਤੁਰਦੇ ਫ਼ਿਰਦੇ ਮੈਨੂੰ ਰੁਖਾਂ ਵਾਂਗ ਦਿਸਦੇ ਹਨ।”
25 ਤਦ ਯਿਸੂ ਨੇ ਫ਼ੇਰ ਉਸਦੀਆਂ ਅਖਾਂ ਉੱਤੇ ਹੱਥ ਰਖੇ ਤਾਂ ਉਸ ਆਦਮੀ ਨੇ ਅਖਾਂ ਖੋਲ੍ਹਕੇ ਵੇਖਿਆ ਤਾਂ ਉਸਦੀਆਂ ਅਖਾਂ ਠੀਕ ਸਨ ਅਤੇ ਹੁਣ ਉਹ ਸਭ ਕੁਝ ਸਾਫ਼ ਵੇਖਣ ਦੇ ਸਮਰਥ ਸੀ।
26 ਯਿਸੂ ਨੇ ਉਸ ਆਦਮੀ ਨੂੰ ਘਰ ਵਾਪਸ ਜਾਣ ਲਈ ਆਖਿਆ ਅਤੇ ਚਿਤਾਵਨੀ ਦਿੱਤੀ, “ਸ਼ਹਿਰ ਵਿੱਚ ਨਾ ਜਾਵੀਂ।”
27 ਯਿਸੂ ਅਤੇ ਉਸਦੇ ਚੇਲੇ ਉਨ੍ਹਾਂ ਨਗਰਾਂ ਵਿੱਚ ਗਏ ਜੋ ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਸਨ। ਜਦੋਂ ਉਹ ਰਸਤੇ ਵਿੱਚ ਸਨ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, ਲੋਕ ਕੀ ਕਹਿੰਦੇ ਹਨ “ਮੈਂ ਕੌਣ ਹਾਂ?”
28 ਚੇਲਿਆਂ ਨੇ ਆਖਿਆ, “ਕੁਝ ਲੋਕ ਆਖਦੇ ਹਨ ਕਿ ਤੂੰ ਯੂਹੰਨਾ ਬਪਤਿਸਮਾ ਦੇਣ ਵਾਲਾ ਹੈਂ ਤੇ ਕੁਝ ਆਖਦੇ ਹਨ ਤੂੰ ਏਲੀਯਾਹ ਹੈਂ। ਅਤੇ ਕੁਝ ਆਖਦੇ ਹਨ ਕਿ ਤੂੰ ਨਬੀਆਂ ਵਿੱਚੋਂ ਹੈ।”
29 ਤਾਂ ਯਿਸੂ ਨੇ ਆਖਿਆ, “ਤੁਸੀਂ ਕੀ ਕਿਹਾ ਕਿ ਮੈਂ ਕੌਣ ਹਾਂ?” ਪਤਰਸ ਨੇ ਜਵਾਬ ਦਿੱਤਾ, “ਤੂੰ ਮਸੀਹ ਹੈਂ।”
30 ਫ਼ਿਰ ਉਸਨੇ ਚੇਲਿਆਂ ਨੂੰ ਕਡ਼ੀ ਚਿਤਾਵਨੀ ਦਿੱਤੀ, “ਕਿਸੇ ਨੂੰ ਵੀ ਮੇਰੇ ਬਾਰੇ ਕੁਝ ਨਾ ਦਸਿਓ।”
31 ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਉਪਦੇਸ਼ ਦੇਣੇ ਸ਼ੁਰੂ ਕੀਤੇ ਕਿ ਕਿਵੇਂ ਮਨੁੱਖ ਦੇ ਪੁੱਤਰ ਨੂੰ ਬਹੁਤ ਸਾਰੀਆਂ ਤਕਲੀਫ਼ਾਂ ਰਾਹੀਂ ਗੁਜ਼ਰਨਾ ਪਵੇਗਾ। ਉਸਨੇ ਇਹ ਵੀ ਆਖਿਆ ਕਿ ਬਜ਼ੁਰਗ ਯਹੂਦੀ ਆਗੂ, ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਮਨੁੱਖ ਦੇ ਪੁੱਤਰ ਨੂੰ ਨਾਮੰਜ਼ੂਰ ਕਰਨਗੇ। ਅਤੇ ਯਿਸੂ ਨੇ ਇਹ ਵੀ ਆਖਿਆ ਕਿ ਮਨੁੱਖ ਦਾ ਪੁੱਤਰ ਮਾਰਿਆ ਜਾਵੇਗਾ। ਮਰਨ ਤੋਂ ਤਿੰਨ ਦਿਨ ਬਾਅਦ ਉਹ ਫ਼ਿਰ ਜੀਅ ਉਠੇਗਾ।
32 ਜੋ ਕੁਝ ਵੀ ਵਾਪਰਨ ਵਾਲਾ ਸੀ। ਯਿਸੂ ਨੇ ਉਹ ਸਭ ਕੁਝ ਆਪਣੇ ਚੇਲਿਆਂ ਨੂੰ ਦੱਸ ਦਿੱਤਾ। ਉਸਨੇ ਕੋਈ ਵੀ ਭੇਦ ਨਾ ਰੱਖਿਆ। ਤਦ ਪਤਰਸ ਉਸਨੂੰ ਇੱਕ ਪਾਸੇ ਲੈਜਾਕਿ ਉਸਦੀਆਂ ਕਹੀਆਂ ਗੱਲਾਂ ਕਾਰਣ ਉਸਨੂੰ ਝਿਡ਼ਕਣ ਲੱਗਾ।
33 ਪਰ ਯਿਸੂ ਨੇ ਮੂੰਹ ਫ਼ੇਰ ਲਿਆ ਅਤੇ ਆਪਣੇ ਚੇਲਿਆਂ ਵੱਲ ਤਕਿਆ। ਤਦ ਉਸਨੇ ਪਤਰਸ ਨੂੰ ਨਿੰਦਿਆ ਅਤੇ ਉਸਨੂੰ ਕਿਹਾ, “ਮੇਰੇ ਤੋਂ ਦੂਰ ਚਲਿਆ ਜਾ ਸ਼ੈਤਾਨ। ਤੇਰੀ ਸੋਚਣੀ ਮਨੁੱਖਾਂ ਵਰਗੀ ਹੈ ਨਾ ਕਿ ਪਰਮੇਸ਼ੁਰ ਵਰਗੀ।”
34 ਤਦ ਯਿਸੂ ਨੇ ਲੋਕਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਸਦੇ ਚੇਲੇ ਵੀ ਉਸਦੇ ਨਾਲ ਸਨ। ਉਸਨੇ ਉਨ੍ਹਾਂ ਨੂੰ ਕਿਹਾ, “ਜੇ ਕੋਈ ਮੇਰੇ ਪਿਛੇ ਚੱਲਣਾ ਚਾਹੁੰਦਾ ਹੈ, ਉਸਨੂੰ ਉਹ ਛੱਡਣਾ ਪਵੇਗਾ ਜੋ ਉਹ ਚਾਹੁੰਦਾ ਹੈ ਅਤੇ ਉਹ ਆਪਣੀ ਸਲੀਬ ਚੁੱਕ ਕੇ ਮੇਰੇ ਪਿਛੇ ਚੱਲੇ।
35 ਕਿਉਂਕਿ ਜੇਕਰ ਕੋਈ ਮਨੁੱਖ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਉਸਨੂੰ ਗੁਆ ਲਵੇਗਾ। ਪਰ ਜੇਕਰ ਕੋਈ ਮਨੁੱਖ ਮੇਰੇ ਲਈ ਅਤੇ ਖੁਸ਼-ਖਬਰੀ ਲਈ ਆਪਣੀ ਜਾਨ ਵਾਰੇਗਾ, ਉਹ ਉਸਨੂੰ ਬਚਾ ਲਵੇਗਾ।
36 ਪਰ ਕੀ ਫ਼ਾਇਦਾ ਜੇਕਰ ਕੋਈ ਵਿਅਕਤੀ ਸਾਰੀ ਦੁਨੀਆਂ ਨੂੰ ਪਾ ਲਵੇ ਪਰ ਆਪਣੀ ਜਾਨ ਗੁਆ ਲਵੇ?
37 ਕਿਉਂਕਿ ਇੱਕ ਮਨੁੱਖ ਆਪਣੀ ਜਾਨ ਦੇ ਮੋਡ਼ੇ ਦੀ ਕੀ ਕੀਮਤ ਤਾਰ ਸਕਦਾ ਹੈ?”
38 ਕਿਉਂਕਿ ਜੋ ਮਨੁੱਖ ਇਸ ਪੀਢ਼ੀ ਵਿੱਚ ਜੀਅ ਰਹੇ ਹਨ ਉਹ ਬਡ਼ੀ ਬੁਰੀ ਅਤੇ ਪਾਪ ਦੀ ਜ਼ਿੰਦਗੀ ਵਤੀਤ ਕਰ ਰਹੇ ਹਨ। ਜੇਕਰ ਕੋਈ ਮੇਰੇ ਅਤੇ ਮੇਰੇ ਉਪਦੇਸ਼ ਬਾਰੇ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਤਾਂ, ਮੈਂ ਵੀ ਉਦੋਂ ਉਸ ਵਿਅਕਤੀ ਤੋਂ ਸ਼ਰਮਾਵਾਂਗਾ ਜਦੋਂ ਮੈਂ ਆਪਣੇ ਪਿਤਾ ਦੀ ਮਹਿਮਾ ਅਤੇ ਪਵਿੱਤਰ ਦੂਤਾਂ ਸਣੇ ਆਵਾਂਗਾ।”
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×