Bible Versions
Bible Books

:

1 ਜਦੋਂ ਯਿਸੂ ਅਰਦਾਸ ਕਰ ਹਟਿਆ, ਤਾਂ ਉਹ ਆਪਣੇ ਚੇਲਿਆਂ ਨਾਲ ਉਥੋਂ ਚਲਾ ਗਿਆ। ਉਹ ਕਿਦਰੋਨ ਦੀ ਘਾਟੀ ਦੇ ਦੂਸਰੇ ਪਾਸੇ ਚਲੇ ਗਏ। ਉਥੇ ਜੈਤੂਨ ਦੇ ਰੁਖਾਂ ਦਾ ਬਾਗ ਸੀ। ਯਿਸੂ ਅਤੇ ਉਸਦੇ ਚੇਲੇ ਉਥੇ ਚਲੇ ਗਏ।
2 ਅਤੇ ਯਹੂਦਾ ਇਸ ਥਾਂ ਤੋਂ ਵਾਕਫ਼ ਸੀ, ਕਿਉਂਕਿ ਯਿਸੂ ਅਕਸਰ ਆਪਣੇ ਚੇਲਿਆਂ ਨਾਲ ਉਸ ਥਾਵੇਂ ਜਾਂਦਾ ਸੀ। ਇੱਕ ਯਹੂਦਾ ਹੀ ਸੀ ਜਿਸਨੇ ਯਿਸੂ ਨੂੰ ਉਸਦੇ ਵੈਰੀਆਂ ਹੱਥੀ ਫ਼ਡ਼ਵਾਇਆ ਸੀ।
3 ਫ਼ਿਰ ਯਹੂਦਾ ਉਥੇ ਸੈਨਕਾਂ ਦਾ ਇੱਕ ਜਥਾ ਲੈਕੇ ਆਇਆ, ਇਹੀ ਨਹੀਂ ਸਗੋਂ ਉਹ ਆਪਣੇ ਨਾਲ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਕੋਲੋਂ ਕੁਝ ਪਿਆਦੇ ਵੀ ਲੈ ਆਇਆ। ਉਨ੍ਹਾਂ ਦੇ ਹੱਥਾਂ ਵਿੱਚ ਦੀਵੇ, ਮਸ਼ਾਲਾਂ ਅਤੇ ਹਥਿਆਰ ਸਨ।
4 ਯਿਸੂ ਜਾਣਦਾ ਸੀ ਕਿ ਉਸ ਨਾਲ ਕੀ ਹੋਣ ਵਾਲਾ ਹੈ। ਯਿਸੂ ਅਗਾਂਹ ਆਇਆ ਅਤੇ ਆਖਿਆ, “ਤੁਸੀਂ ਕਿਸ ਨੂੰ ਲਭ ਰਹੇ ਹੋਂ?”
5 ਆਦਮੀਆਂ ਨੇ ਆਖਿਆ, “ਨਾਸਰਤ ਦੇ ਯਿਸੂ ਦੀ।” ਯਿਸੂ ਨੇ ਆਖਿਆ, “ਮੈਂ ਹੀ ਯਿਸੂ ਹਾਂ।” ਯਹੂਦਾ ਜਿਸਨੇ ਯਿਸੂ ਨੂੰ ਉਸਦੇ ਵੈਰੀਆਂ ਹੱਥੀ ਫ਼ਡ਼ਵਾਇਆ ਸੀ, ਉਹ ਵੀ ਉਸ ਜਥੇ ਵਿੱਚ ਖਡ਼ਾ ਸੀ।
6 ਜਦੋਂ ਉਸਨੇ ਉਨ੍ਹਾਂ ਲੋਕਾਂ ਨੂੰ ਆਖਿਆ, “ਮੈਂ ਯਿਸੂ ਹਾਂ” ਉਹ ਆਦਮੀ ਪਿਛਾਂਹ ਹਟੇ ਤੇ ਭੁੰਜੇ ਡਿੱਗ ਪਏ।
7 ਯਿਸੂ ਨੇ ਉਨ੍ਹਾਂ ਨੂੰ ਮੁਡ਼ ਪੁੱਛਿਆ, “ਤੁਸੀਂ ਕਿਸ ਦੀ ਤਲਾਸ਼ ਕਰ ਰਹੇ ਹੋ?” ਆਦਮੀਆਂ ਨੇ ਆਖਿਆ, “ਨਾਸਰਤ ਦੇ ਯਿਸੂ ਦੀ।”
8 ਯਿਸੂ ਨੇ ਕਿਹਾ, “ਮੈਂ ਤੁਹਾਨੂੰ ਆਖਿਆ ਤਾਂ ਹੈ ਕਿ ਮੈਂ ਹੀ ਯਿਸੂ ਹਾਂ, ਇਸ ਲਈ ਜੇਕਰ ਤੁਸੀਂ ਮੈਨੂੰ ਤਲਾਸ਼ ਰਹੇ ਹੋ ਤਾਂ ਇਨ੍ਹਾਂ ਲੋਕਾਂ ਨੂੰ ਜਾਣ ਦਿਉ।”
9 ਇਹ ਯਿਸੂ ਦੀ ਆਖਣੀ ਨੂੰ ਪੂਰਨ ਕਰਨ ਲਈ ਵਾਪਰਿਆ, “ਮੈਂ ਉਨ੍ਹਾਂ ਵਿੱਚੋਂ ਕੋਈ ਨਹੀਂ ਗੁਆਇਆ ਜਿਨ੍ਹਾਂ ਨੂੰ ਤੂੰ ਮੈਨੂੰ ਦਿੱਤਾ ਹੈ।
10 ਫ਼ਿਰ ਸ਼ਮਊਨ ਪਤਰਸ ਕੋਲ ਜਿਹਡ਼ੀ ਤਲਵਾਰ ਸੀ ਉਸਨੇ ਬਾਹਰ ਕਢੀ ਅਤੇ ਸਰਦਾ ਜਾਜਕ ਦੇ ਦਾਸ ਤੇ ਚਲਾਈ ਅਤੇ ਉਸਦਾ ਸਜ੍ਜਾ ਕੰਨ ਵਢ ਦਿੱਤਾ। (ਉਸ ਨੌਕਰ ਦਾ ਨਾਂ ਮਲਖੁਸ ਸੀ)
11 ਫਿਰ ਯਿਸੂ ਨੇ ਪਤਰਸ ਨੂੰ ਕਿਹਾ, “ਆਪਣੀ ਤਲਵਾਰ ਵਾਪਸ ਮਿਆਨ ਵਿੱਚ ਪਾ। ਕੀ ਮੈਨੂੰ ਇਹ ਦੁਖਾਂ ਦਾ ਪਿਆਲਾ, ਜਿਹਡ਼ਾ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਨਹੀਂ ਪੀਣਾ ਚਾਹੀਦਾ?”
12 ਉਸਤੋਂ ਬਾਦ ਸੈਨਾ ਅਧਿਕਾਰੀ ਅਤੇ ਯਹੂਦੀ ਪੈਰੇਦਾਰਾਂ ਨੇ ਯਿਸੂ ਨੂੰ ਫ਼ਡ਼ਕੇ ਬੰਨ੍ਹ ਲਿਆ।
13 ਬੰਨ੍ਹਕੇ ਉਸਨੂੰ ਅੰਨਾਸ ਅੱਗੇ ਲਿਆਂਦਾ ਗਿਆ। ਅੰਨਾਸ ਕਯਾਫ਼ਾ ਦਾ ਸਹੁਰਾ ਲੱਗਦਾ ਸੀ। ਅਤੇ ਉਸ ਵਰ੍ਹੇ ਕਯਾਫ਼ਾ ਸਰਦਾਰ ਜਾਜਕ ਸੀ।
14 ਕਯਾਫ਼ਾ ਉਹ ਸੀ ਜਿਸਨੇ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਕਿ ਸਾਰੇ ਲੋਕਾਂ ਲਈ ਇੱਕ ਮਨੁੱਖ ਦਾ ਮਰਨਾ ਚੰਗਾ ਹੈ।
15 ਸ਼ਮਊਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਮਗਰ ਹੋ ਤੁਰਿਆ। ਉਹ ਚੇਲਾ ਸਰਦਾਰ ਜਾਜਕ ਦਾ ਵਾਕਫ਼ ਸੀ ਅਤੇ ਯਿਸੂ ਦੇ ਨਾਲ ਸਰਦਾਰ ਜਾਜਕ ਦੇ ਵਿਹਡ਼ੇ ਤੀਕ ਗਿਆ।
16 ਪਰ ਪਤਰਸ ਬਾਹਰ ਦਰਵਾਜ਼ੇ ਕੋਲ ਠਹਿਰ ਗਿਆ, ਦੂਜਾ ਚੇਲਾ, ਜਿਹਡ਼ਾ ਸਰਦਾਰ ਜਾਜਕ ਨੂੰ ਜਾਣਦਾ ਸੀ, ਦਰਵਾਜ਼ੇ ਕੋਲ ਆਇਆ ਅਤੇ ਇੱਕ ਨੌਕਰਾਨੀ ਨੂੰ ਮਿਲਿਆ, ਜੋ ਕਿ ਦੁਆਰਪਾਲ ਸੀ। ਤਦ ਉਹ ਪਤਰਸ ਨੂੰ ਅੰਦਰ ਲਿਆਇਆ।
17 ਉਸ ਨੌਕਰਾਨੀ ਨੇ ਦਰਵਾਜ਼ੇ ਤੇ ਪਤਰਸ ਨੂੰ ਕਿਹਾ, “ਕੀ ਤੂੰ ਉਸ ਆਦਮੀ ਦੇ ਚੇਲਿਆਂ ਵਿੱਚੋਂ ਇੱਕ ਹੈਂ?” ਪਤਰਸ ਨੇ ਜਵਾਬ ਦਿੱਤਾ, “ਨਹੀਂ, ਮੈਂ ਨਹੀਂ ਹਾਂ।”
18 ਇਹ ਸਰਦੀ ਦਾ ਮੌਸਮ ਸੀ ਨੌਕਰਾਂ ਅਤੇ ਪਹਿਰੇਦਾਰਾਂ ਨੇ ਬਾਹਰ ਅੱਗ ਬਾਲੀ ਹੋਈ ਸੀ ਅਤੇ ਉਹ ਅੱਗ ਦੇ ਆਲੇ-ਦੁਆਲੇ ਖਡ਼ੇ ਹੋਕੇ ਸੇਕ ਰਹੇ ਸਨ। ਪਤਰਸ ਵੀ ਇਨ੍ਹਾਂ ਲੋਕਾਂ ਵਿੱਚ ਖਡ਼ਾ ਸੇਕ ਰਿਹਾ ਸੀ।
19 ਸਰਦਾਰ ਜਾਜਕ ਨੇ ਯਿਸੂ ਨੂੰ ਉਸਦੇ ਚੇਲਿਆਂ ਬਾਰੇ ਅਤੇ, ਜੋ ਉਪਦੇਸ਼ ਉਸਨੇ ਸਮਝਾਏ ਸਨ, ਉਨ੍ਹਾਂ ਬਾਰੇ ਪ੍ਰਸ਼ਨ ਕੀਤੇ।
20 ਯਿਸੂ ਨੇ ਆਖਿਆ, “ਮੈਂ ਹਮੇਸ਼ਾ ਲੋਕਾਂ ਨੂੰ ਖੁਲ੍ਹੇਆਮ ਬੋਲਿਆ ਹਾਂ। ਮੈਂ ਹਮੇਸ਼ਾ ਪ੍ਰਾਰਥਨਾ ਸਥਾਨ ਅਤੇ ਮੰਦਰ ਵਿੱਚ ਹੀ ਉਪਦੇਸ਼ ਦਿੱਤੇ ਹਨ, ਜਿਥੇ ਸਾਰੇ ਯਹੂਦੀ ਇਕੱਤਰ ਹੁੰਦੇ ਹਨ। ਮੈਂ ਕਦੇ ਕਿਸੇ ਨੂੰ ਗੁਪਤ ਤੌਰ ਤੇ ਸਿਖਿਆ ਨਹੀਂ ਦਿੱਤੀ।
21 ਤਾਂ ਫਿਰ ਤੂੰ ਮੈਨੂੰ ਅਜਿਹੇ ਸਵਾਲ ਕਿਉਂ ਕਰ ਰਿਹਾ ਹੈਂ? ਉਨ੍ਹਾਂ ਲੋਕਾਂ ਨੂੰ ਪੁਛ ਜਿਨ੍ਹਾਂ ਨੇ ਮੇਰੀਆਂ ਸਿਖਿਆਵਾਂ ਸੁਣੀਆਂ ਹਨ। ਉਹ ਜਾਣਦੇ ਹਨ ਕਿ ਮੈਂ ਕੀ ਆਖਿਆ ਹੈ।”
22 ਜਦੋਂ ਯਿਸੂ ਨੇ ਇਹ ਆਖਿਆ ਤਾਂ ਉਸ ਕੋਲ ਖਢ਼ੇ ਪਹਿਰੇਦਾਰਾਂ ਵਿੱਚੋਂ ਇੱਕ ਨੇ ਉਸਨੂੰ ਮਾਰਿਆ ਤੇ ਆਖਿਆ, “ਤੈਨੂੰ ਸਰਦਾ ਜਾਜਕ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ।”
23 ਯਿਸੂ ਨੇ ਆਖਿਆ, “ਜੇਕਰ ਮੈਂ ਗਲਤ ਬੋਲਿਆ ਹਾਂ, ਤਾਂ ਲੋਕਾਂ ਸਾਮ੍ਹਣੇ ਦੱਸ ਮੈਂ ਕੀ ਗਲਤ ਬੋਲਿਆ ਹੈ। ਪਰ ਜੇਕਰ ਮੈਂ ਸਹੀ ਬੋਲਿਆ ਹਾਂ, ਤਾਂ ਤੂੰ ਮੈਨੂੰ ਕਿਉਂ ਕੁਟਿਆ ਹੈ?”
24 ਤਾਂ ਫਿਰ ਅੰਨਾਸ ਨੇ ਯਿਸੂ ਨੂੰ ਸਰਦਾਰ ਜਾਜਕ ਕਯਾਫ਼ਾ ਕੋਲ ਭੇਜ ਦਿੱਤਾ। ਯਿਸੂ ਨੂੰ ਉਨ੍ਹਾਂ ਅਜੇ ਵੀ ਬੰਨ੍ਹਿਆ ਹੋਇਆ ਸੀ।
25 ਸ਼ਮਊਨ ਪਤਰਸ ਅੱਗ ਕੋਲ ਖਢ਼ਾ ਸੀ ਅਤੇ ਆਪਣੇ-ਆਪ ਨੂੰ ਨਿਘਾ ਕਰ ਰਿਹਾ ਸੀ। ਦੂਜੇ ਆਦਮੀਆਂ ਨੇ ਪਤਰਸ ਨੂੰ ਕਿਹਾ, “ਕੀ ਤੂੰ ਵੀ ਉਸਦੇ ਚੇਲਿਆਂ ਵਿੱਚੋਂ ਇੱਕ ਹੈਂ?” ਪਰ ਪਤਰਸ ਨੇ ਹਾਮੀ ਨਾ ਭਰੀ। ਉਸਨੇ ਕਿਹਾ, “ਨਹੀਂ, ਮੈਂ ਨਹੀਂ ਹਾਂ।”
26 ਸਰਦਾਰ ਜਾਜਕ ਦੇ ਸੇਵਕਾਂ ਵਿੱਚੋਂ ਇੱਕ ਉਥੇ ਸੀ ਅਤੇ ਇਹ ਆਦਮੀ ਉਹ ਮਨੁੱਖ ਦਾ ਸੰਬੰਧੀ ਸੀ ਜਿਸਦਾ ਪਤਰਸ ਨੇ ਕੰਨ ਵਢਿਆ ਸੀ ਤਾਂ ਉਸ ਸੇਵਕ ਨੇ ਕਿਹਾ, “ਕੀ ਮੈਂ ਤੈਨੂੰ ਉਸ ਆਦਮੀ (ਯਿਸੂ) ਨਾਲ ਬਾਗ ਵਿੱਚ ਵੇਖਿਆ ਸੀ।”
27 ਪਰ ਫ਼ਿਰ ਪਤਰਸ ਨੇ ਆਖਿਆ, “ਨਹੀਂ, ਮੈਂ ਉਸਦੇ ਨਾਲ ਨਹੀਂ ਸਾਂ!” ਅਤੇ ਉਸੇ ਵੇਲੇ ਇੱਕ ਕੁੱਕਡ਼ ਨੇ ਬਾਂਗ ਦਿੱਤੀ।
28 ਤਦ ਯਹੂਦੀ ਯਿਸੂ ਨੂੰ ਕਯਾਫ਼ਾ ਦੀ ਕਚਿਹਰੀ ਚੋਂ ਕਢਕੇ ਰਾਜਪਾਲ ਦੇ ਮਹਿਲ ਵਿੱਚ ਲੈ ਗਏ। ਅਜੇ ਬਹੁਤ ਸਵੇਰਾ ਸੀ ਪਰ ਯਹੂਦੀ ਕਚਿਹਰੀ ਦੇ ਅੰਦਰ ਨਹੀਂ ਗਏ। ਉਹ ਆਪਣੇ-ਆਪ ਨੂੰ ਭ੍ਰਿਸ਼ਟ ਨਹੀਂ ਸੀ ਕਰਨਾ ਚਾਹੁੰਦੇ ਕਿਉਂਕਿ ਉਹ ਪਸਾਹ ਦੇ ਤਿਉਹਾਰ ਦਾ ਭੋਜਨ ਕਰਨਾ ਚਾਹੁਦੇ ਸਨ।
29 ਇਸ ਲਈ ਪਿਲਾਤੁਸ ਉਨ੍ਹਾਂ ਕੋਲ ਬਾਹਰ ਆਇਆ ਅਤੇ ਪੁੱਛਿਆ, “ਤੁਸੀਂ ਇਸ ਮਨੁੱਖ ਦੇ ਸਿਰ ਕੀ ਦੋਸ਼ ਲਗਾਉਂਦੇ ਹੋ?”
30 ਯਹੂਦੀਆਂ ਨੇ ਕਿਹਾ, “ਇਹ ਇੱਕ ਬੁਰਾ ਆਦਮੀ ਹੈ, ਇਸ ਲਈ ਅਸੀਂ ਇਸਨੂੰ ਤੇਰੇ ਕੋਲ ਲੈਕੇ ਆਏ ਹਾਂ।”
31 ਪਿਲਾਤੁਸ ਨੇ ਯਹੂਦੀਆਂ ਨੂੰ ਆਖਿਆ, “ਤੁਸੀਂ ਯਹੂਦੀ ਆਪਣੇ-ਆਪ ਹੀ ਇਸਨੂੰ ਲੈ ਜਾਵੋ ਅਤੇ ਆਪਣੀ ਸ਼ਰ੍ਹਾ ਅਨੁਸਾਰ ਇਸਦਾ ਨਿਰਣਾ ਕਰੋ।” ਯਹੂਦੀਆਂ ਨੇ ਜਵਾਬ ਦਿੱਤਾ, “ਪਰ ਤੁਹਾਡੀ ਸ਼ਰ੍ਹਾ ਸਾਨੂੰ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦੀ ਆਗਿਆ ਨਹੀਂ ਹੈ।”
32 ਜਿਵੇਂ ਯਿਸੂ ਨੇ ਆਪਣੀ ਮੌਤ ਬਾਰੇ ਕਿਹਾ ਸੀ, ਕਿ ਉਹ ਕਿਸ ਤਰ੍ਹਾਂ ਮਰੇਗਾ, ਉਸੇ ਨੂੰ ਪੂਰਨ ਕਰਨ ਲਈ ਉਹ ਵਾਪਰਿਆ।
33 ਪਿਲਾਤੁਸ ਮਹਿਲ ਅੰਦਰ ਵਾਪਸ ਚਲਾ ਗਿਆ ਅਤੇ ਉਥੇ ਯਿਸੂ ਨੂੰ ਉਸਨੇ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?”
34 ਯਿਸੂ ਨੇ ਆਖਿਆ, “ਕੀ ਤੂੰ ਇਹ ਆਪਣੇ-ਆਪ ਪੁਛ ਰਿਹਾ ਹੈ ਜਾਂ ਦੂਜੇ ਲੋਕਾਂ ਨੇ ਤੈਨੂੰ ਮੇਰੇ ਬਾਰੇ ਕੁਝ ਆਖਿਆ ਹੈ?”
35 ਪਿਲਾਤੁਸ ਨੇ ਕਿਹਾ, “ਮੈਂ ਇੱਕ ਯਹੂਦੀ ਨਹੀਂ ਹਾਂ ਤੇਰੇ ਆਪਣੇ ਹੀ ਲੋਕ ਅਤੇ ਪਰਧਾਨ ਜਾਜਕ ਤੈਨੂੰ ਮੇਰੇ ਕੋਲ ਲਿਆਏ ਹਨ। ਤੂੰ ਕੀ ਗਲਤ ਕੀਤਾ ਹੈ?”
36 ਯਿਸੂ ਨੇ ਆਖਿਆ, “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ। ਜੇਕਰ ਇਹ ਇਸ ਦੁਨੀਆਂ ਦਾ ਹੁੰਦਾ ਤਾਂ ਮੇਰੇ ਸੇਵਕ ਉਨ੍ਹਾਂ ਨਾਲ ਲਡ਼ਦੇ ਅਤੇ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ। ਪਰ ਮੇਰਾ ਰਾਜ ਕਿਸੇ ਹੋਰ ਥਾਂ ਦਾ ਹੈ ਇਥੋਂ ਦਾ ਨਹੀਂ।”
37 ਪਿਲਾਤੁਸ ਨੇ ਆਖਿਆ, “ਇਸ ਦਾ ਮਤਲਬ ਤੂੰ ਇੱਕ ਰਾਜਾ ਹੈ?” ਯਿਸੂ ਨੇ ਆਖਿਆ, “ਤੂੰ ਜੋ ਆਖਿਆ ਉਹ ਸੱਚ ਹੈ। ਮੈਂ ਇੱਕ ਰਾਜਾ ਹਾਂ। ਮੈਂ ਇਸੇ ਲਈ ਜਨਮ ਲਿਆ ਅਤੇ ਇਸੇ ਕਾਰਣ ਦੁਨੀਆਂ ਤੇ ਆਇਆ ਤਾਂ ਜੋ ਮੈਂ ਸਚਿਆਈ ਦੀ ਗਵਾਹੀ ਦੇ ਸਕਾਂ। ਅਤੇ ਹਰ ਮਨੁੱਖ ਜੋ ਸਚਿਆਈ ਨਾਲ ਸੰਬੰਧਿਤ ਹੈ ਉਹ ਮੇਰੀ ਅਵਾਜ਼ ਸੁਣਦਾ ਹੈ।”
38 ਪਿਲਾਤੁਸ ਨੇ ਕਿਹਾ, “ਸੱਚ ਕੀ ਹੈ?” ਇਹ ਆਖਣ ਤੋਂ ਬਾਦ ਉਹ ਫ਼ੇਰ ਤੋਂ ਯਹੂਦੀਆਂ ਕੋਲ ਗਿਆ ਅਤੇ ਉਨ੍ਹਾਂ ਨੂੰ ਆਖਿਆ, “ਇਸ ਆਦਮੀ ਤੇ ਲਾਉਣ ਵਾਸਤੇ ਮੈਨੂੰ ਕੋਈ ਦੋਸ਼ ਨਹੀਂ ਲਭਿਆ।
39 ਪਰ ਇਹ ਤੁਹਾਡਾ ਰਿਵਾਜ਼ ਹੈ ਕਿ ਮੈਂ ਤੁਹਾਡੇ ਲਈ ਪਸਾਹ ਦੇ ਤਿਉਹਾਰ ਦੇ ਸਮੇਂ ਇੱਕ ਕੈਦੀ ਨੂੰ ਮੁਕਤ ਕਰ ਸਕਦਾ ਹਾਂ। ਸੋ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਮੁਕਤ ਕਰ ਦੇਵਾਂ?”
40 ਤਾਂ ਯਹੂਦੀ ਉੱਚੀ ਅਵਾਜ਼ ਵਿੱਚ ਚੀਕੇ, “ਨਹੀਂ, ਉਸਨੂੰ ਨਹੀਂ, ਪਰ ਤੂੰ ਬਰੱਬਾਸ ਨੂੰ ਮੁਕਤ ਕਰਦੇ।” ਬਰੱਬਾਸ ਇੱਕ ਡਾਕੂ ਸੀ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×