Bible Versions
Bible Books

Romans 10 (ERVPA) Easy to Read - Punjabi

1 ਹੇ ਭਰਾਵੋ ਅਤੇ ਭੈਣੋ, ਮੇਰੇ ਦਿਲ ਦੀ ਇੱਛਾ ਹੈ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਹੈ ਕਿ ਸਾਰੇ ਯਹੂਦੀ ਬਚਾਏ ਜਾ ਸਕਣ।
2 ਇਹ ਗੱਲ ਮੈਂ ਯਹੂਦੀਆਂ ਬਾਰੇ ਆਖ ਸਕਦਾ ਹਾਂ। ਉਹ ਸੱਚ ਮੁੱਚ ਪਰਮੇਸ਼ੁਰ ਦਾ ਅਨੁਸਰਣ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਸਹੀ ਢੰਗ ਨਹੀਂ ਪਤਾ?
3 ਉਹ ਅਨਜਾਣ ਸਨ ਕਿ ਕਿਵੇਂ ਪਰੇਮਸ਼ੁਰ ਲੋਕਾਂ ਨੂੰ ਧਰਮੀ ਬਣਾਉਂਦਾ ਹਾਯ। ਅਤੇ ਉਨ੍ਹਾਂ ਨੇ ਆਪਣੇ ਮਨਭਾਉਂਦੇ ਢੰਗ ਨਾਲ ਆਪਣੇ ਆਪ ਨੂੰ ਧਰਮੀ ਬਨਾਉਣ ਦੀ ਕੋਸ਼ਿਸ਼ ਕੀਤੀ। ਇਸ ਲਈ ਉਨ੍ਹਾਂ ਨੇ ਪਰੇਮਸ਼ੁਰ ਦੇ ਲੋਕਾਂ ਨੂੰ ਧਰਮੀ ਬਨਾਉਣ ਦੇ ਢੰਗ ਨੂੰ ਕਬੂਲ ਨਾ ਕੀਤਾ।
4 ਕਿਉਂਕਿ ਮਸੀਹ ਨੇ ਸ਼ਰ੍ਹਾ ਦਾ ਅੰਤ ਕਰ ਦਿੱਤਾ ਤਾਂ ਜੋ ਕੋਈ ਵੀ ਵਿਅਕਤੀ, ਜਿਹਡ਼ਾ ਉਸ ਵਿੱਚ ਨਿਹਚਾ ਰਖਦਾ ਹੈ, ਧਰਮੀ ਬਣਾਇਆ ਜਾਵੇਗਾ।
5 ਮੂਸਾ ਨੇ ਧਰਮੀ ਬਣਨ ਲਈ ਸ਼ਰ੍ਹਾ ਨੂੰ ਮੰਨਣ ਬਾਰੇ ਲਿਖਿਆ ਅਤੇ ਕਿਹਾ, “ਕਿਸੇ ਉਸ ਵਿਅਕਤੀ ਨੂੰ, ਜਿਹਡ਼ਾ ਸ਼ਰ੍ਹਾ ਦੁਆਰਾ ਜਿਉਣਾ ਚਾਹੁੰਦਾ ਹੈ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਸ਼ਰ੍ਹਾ ਆਖਦੀ ਹੈ।”
6 ਪਰ ਪੋਥੀ ਧਾਰਮਿਕਤਾ ਬਾਰੇ ਆਸਥਾ ਰਾਹੀਂ ਆਖਦੀ ਹੈ: “ਆਪਣੇ ਚਿਤ੍ਤ ਵਿੱਚ ਇਹ ਨਾ ਆਖੋ, ‘ਕੌਣ ਸਵਰਗ ਤੱਕ ਜਾਵੇਗਾ?”‘ ਇਸਦਾ ਅਰਥ ਹੈ, “ਕੌਣ ਮਸੀਹ ਨੂੰ ਹੇਠਾਂ ਲਿਆਉਣ ਵਾਸਤੇ ਸਵਰਗ ਤੱਕ ਜਾਵੇਗਾ?”
7 “ਅਤੇ ਇਹ ਵੀ ਨਾ ਆਖੋ, ‘ਧਰਤੀ ਦੇ ਥੱਲੇ ਕੌਣ ਜਾਵੇਗਾ”‘ ਇਸ ਦਾ ਅਰਥ ਹੈ; “ਕੌਣ ਮਸੀਹ ਨੂੰ ਵਾਪਸ ਲਿਆਉਣ ਆਸਤੇ ਹੇਠਾਂ ਮੌਤ ਦੇ ਰਾਜ ਨੂੰ ਜਾਵੇਗਾ।”
8 ਇਸ ਦੀ ਜਗ਼੍ਹਾ, ਪੋਥੀ ਆਖਦੀ ਹੈ, “ਪਰਮੇਸ਼ੁਰ ਦੇ ਉਪਦੇਸ਼ ਤੁਹਾਡੇ ਨੇਡ਼ੇ ਹਨ। ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹਨ।” ਇਹ ਸਿਖਿਆ ਨਿਹਚਾ ਦੀ ਸਿਖਿਆ ਹੈ ਜੋ ਅਸੀਂ ਲੋਕਾਂ ਵਿੱਚ ਪੁਕਾਰਦੇ ਹਾਂ।
9 ਜੇਕਰ ਤੂੰ ਆਪਣੇ ਮੂੰਹ ਨਾਲ ਐਲਾਨ ਕਰਦਾ ਹੈਂ, “ਯਿਸੂ ਪ੍ਰਭੂ ਹੈ” ਅਤੇ ਜੇਕਰ ਤੂੰ ਆਪਣੇ ਦਿਲ ਵਿੱਚ ਯਕੀਨ ਕਰਦਾ ਹੈਂ ਕਿ ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਤੋਂ ਉਠਾਇਆ ਹੈ ਤਾਂ ਤੂੰ ਬਚਾਇਆ ਜਾਵੇਂਗਾ।
10 ਹਾਂ, ਅਸੀਂ ਆਪਣੇ ਦਿਲਾਂ ਨਾਲ ਨਿਹਚਾ ਕਰਦੇ ਹਾਂ, ਇਸ ਲਈ ਅਸੀਂ ਧਰਮੀ ਬਣਾਏ ਜਾਂਦੇ ਹਾਂ। ਅਸੀਂ ਆਪਣੇ ਖੁਦ ਦੇ ਮੂੰਹਾਂ ਨਾਲ ਐਲਾਨ ਕਰਦੇ ਹਾਂ ਕਿ ਅਸੀਂ ਉਸ ਵਿੱਚ ਨਿਹਚਾ ਕਰਦੇ ਹਾਂ, ਇਸ ਲਈ ਅਸੀਂ ਬਚਾਏ ਗਏ ਹਾਂ।
11 ਹਾਂ, ਪੋਥੀ ਆਖਦੀ ਹੈ, “ਜਿਹਡ਼ਾ ਵੀ ਮਨੁੱਖ ਉਸ ਉੱਪਰ ਨਿਹਚਾ ਰਖੇਗਾ ਉਸ ਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ।”
12 ਪੋਥੀ ਦਾ ਉਹ ਪੈਰਾ ਆਖਦਾ ਹੈ, “ਕੋਈ ਵੀ ਵਿਅਕਤੀ” ਕਿਉਂਕਿ ਪਰਮੇਸ਼ੁਰ ਯਹੂਦੀ ਅਤੇ ਗੈਰ ਯਹੂਦੀ ਵਿੱਚ ਭੇਦ ਨਹੀਂ ਕਰਦਾ। ਉਹੀ ਪ੍ਰਭ ਸਭ ਦਾ ਪ੍ਰਭੂ ਹੈ। ਪ੍ਰਭੂ ਉਨ੍ਹਾਂ ਸਭ ਲੋਕਾਂ ਨੂੰ ਅਥਾਹ ਅਸੀਸਾਂ ਦਿੰਦਾ ਹੈ ਜਿਹਡ਼ੇ ਉਸ ਵਿੱਚ ਨਿਹਚਾ ਰਖਦੇ ਹਨ।
13 ਪੋਥੀਆਂ ਆਖਦੀਆਂ ਹਨ, “ਹਰ ਉਹ ਮਨੁੱਖ ਜੋ ਪ੍ਰਭੂ ਵਿੱਚ ਵਿਸ਼ਵਾਸ ਰਖਦਾ ਹੈ ਬਚਾਇਆ ਜਾਵੇਗਾ।”
14 ਪਰ ਸਹਾਇਤਾ ਲਈ ਪ੍ਰਭੂ ਵਿੱਚ ਭਰੋਸਾ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਉਸ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਅਤੇ ਉਸ ਵਿੱਚ ਨਿਹਚਾ ਰੱਖਣ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਭੂ ਬਾਰੇ ਸੁਣਨਾ ਚਾਹੀਦਾ। ਅਤੇ ਉਸ ਬਾਰੇ ਸੁਣਨ ਤੋਂ ਪਹਿਲਾਂ ਕਿਸੇ ਨੂੰ ਉਨ੍ਹਾਂ ਨੂੰ ਉਸ ਬਾਰੇ ਦੱਸਣਾ ਚਾਹੀਦਾ?
15 ਅਤੇ ਜੇ ਲੋਕ ਭੇਜੇ ਨਾ ਜਾਣ ਤਾਂ ਉਹ ਪਰਚਾਰ ਕਿਵੇਂ ਕਰਨ? ਜਿਵੇਂ ਕਿ ਇਹ ਲਿਖਿਆ ਹੈ: “ਉਨ੍ਹਾਂ ਲੋਕਾਂ ਦੇ ਚਰਨ, ਜਿਹਡ਼ੇ ਖੁਸ਼ ਖਬਰੀ ਦੱਸਣ ਲਈ ਬਾਹਰ ਜਾਂਦੇ ਹਨ, ਸੁੰਦਰ ਹਨ।”
16 ਪਰ ਸਾਰੇ ਯਹੂਦੀਆਂ ਨੇ ਖੁਸ਼ ਖਬਰੀ ਨੂੰ ਸਵੀਕਾਰ ਨਾ ਕੀਤਾ। ਜਿਵੇਂ ਕਿ ਯਸਾਯਾਹ ਕਹਿੰਦਾ ਹੈ, “ਪ੍ਰਭੂ, ਕਿੰਨ੍ਹਾਂ ਨੇ ਉਸ ਸੰਦੇਸ਼ ਤੇ ਵਿਸ਼ਵਾਸ ਕੀਤਾ, ਜੋ ਉਨ੍ਹਾਂ ਨੇ ਸਾਥੋਂ ਸੁਣਿਆ?”
17 ਇਸ ਲਈ ਨਿਹਚਾ, ਖੁਸ਼ ਖਬਰੀ ਸੁਨਣ ਤੋਂ ਆਉਂਦੀ ਹੈ, ਅਤੇ ਉਹ ਖੁਸ਼ ਖਬਰੀ ਉਦੋਂ ਸੁਣਦੇ ਹਨ ਜਦੋਂ ਕੋਈ ਉਨ੍ਹਾਂ ਨੂੰ ਮਸੀਹ ਬਾਰੇ ਦੱਸਦਾ ਹੈ।
18 ਪਰ ਮੈਂ ਪੁਛਦਾ ਹਾਂ, “ਕੀ ਲੋਕਾਂ ਨੇ ਖੁਸ਼ਖਬਰੀ ਨਹੀਂ ਸੁਣੀ?” ਹਾਂ, ਉਨ੍ਹਾਂ ਨੇ ਸੁਣੀ। ਜਿਵੇਂ ਕਿ ਇਹ ਪੋਥੀ ਵਿੱਚ ਲਿਖਿਆ ਹੋਇਆ ਹੈ, “ਉਨ੍ਹਾਂ ਦੀਆਂ ਅਵਾਜ਼ਾਂ ਸਾਰੀ ਧਰਤੀ ਤੇ ਗਈਆਂ ਅਤੇ ਉਨ੍ਹਾਂ ਦੇ ਬੋਲ ਦੁਨੀਆਂ ਦੇ ਅੰਤ ਤੀਕ ਪਹੁੰਚੇ।” ਜ਼ਬੂਰ 19:4
19 ਮੈਂ ਫ਼ਿਰ ਪੁਛਦਾ ਹਾਂ, “ਕੀ ਇਸਰਾਏਲ ਦੇ ਲੋਕ ਇਹ ਨਾ ਸਮਝ ਸਕੇ?” ਹਾਂ, ਉਨ੍ਹਾਂ ਨੇ ਸਮਝਿਆ, ਮੂਸਾ ਪਰਮੇਸ਼ੁਰ ਲਈ ਇਹ ਆਖਦਾ ਹੈ: “ਮੈਂ ਉਨ੍ਹਾਂ ਲੋਕਾਂ ਨੂੰ ਈਰਖਾਲੂ ਬਣਾਵਾਂਗਾ ਜੋ ਕੌਮ ਨਹੀਂ ਹਨ। ਤੁਹਾਨੂੰ ਗੁੱਸੇ ਕਰਨ ਲਈ ਮੈਂ ਇੱਕ ਕੌਮ ਦਾ ਇਸਤੇਮਾਲ ਕਰਾਂਗਾ ਜਿਸ ਨੂੰ ਕੋਈ ਸਮਝ ਨਹੀਂ ਹੈ।” ਬਿਵਸਥਾ 32:21
20 ਫ਼ਿਰ ਯਸਾਯਾਹ ਨੇ ਇਹ ਨਿਡਰਤਾ ਨਾਲ ਪਰਮੇਸ਼ੁਰ ਨੂੰ ਆਖਿਆ: “ਉਹ ਲੋਕ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ, ਉਨ੍ਹਾਂ ਨੇ ਮੈਨੂੰ ਲਭ ਲਿਆ। ਸਗੋਂ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ ਉਨ੍ਹਾਂ ਤੇ ਮੈਂ ਪਰਗਟ ਹੋਇਆ।” ਯਸਾਯਾਹ 65:1
21 ਪਰਮੇਸ਼ੁਰ ਨੇ ਗੈਰ ਯਹੂਦੀਆਂ ਲਈ ਇਹ ਗੱਲ ਯਸਾਯਾਹ ਤੋਂ ਅਖਵਾਈ ਪਰ ਯਹੂਦੀਆਂ ਲਈ ਪਰਮੇਸ਼ੁਰ ਆਖਦਾ ਹੈ, “ਸਾਰਾ ਦਿਨ ਮੈਂ ਇਸ ਕੌਮ ਦਾ ਇੰਤਜਾਰ ਕਰ ਰਿਹਾ ਸਾਂ ਜੋ ਅਣ-ਆਗਿਆਕਾਰੀ ਹੈ ਅਤੇ ਮੇਰਾ ਅਨੁਸਰਣ ਕਰਨ ਤੋਂ ਇਨਕਾਰ ਕਰਦੀ ਹੈ।”
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×