Bible Versions
Bible Books

Philippians 3 (ERVPA) Easy to Read - Punjabi

1 ਇਸ ਲਈ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਅਨੰਦ ਮਾਣੋ। ਮੇਰੇ ਲਈ ਇਹ ਗੱਲਾਂ ਬਾਰ-ਬਾਰ ਲਿਖਣੀਆਂ ਕੋਈ ਤਕਲੀਫ਼ ਨਹੀਂ। ਇਹ ਤੁਹਾਨੂੰ ਹੋਰ ਵਧੇਰੇ ਤਿਆਰ ਹੋਣ ਵਿੱਚ ਮਦਦ ਕਰਨਗੀਆਂ।
2 ਉਨ੍ਹਾਂ ਲੋਕਾਂ ਤੋਂ ਹੁਸ਼ਿਆਰ ਰਹੋ ਜਿਹਡ਼ੇ ਬਦਕਾਰੀ ਅਕਰਦੇ ਹਨ। ਉਹ ਕੁਤਿਆਂ ਵਰਗੇ ਹਨ। ਉਹ ਸ਼ਰੀਰ ਵੱਢਣ ਲਈ ਮੰਗ ਕਰਦੇ ਹਨ।
3 ਪਰ ਅਸੀਂ ਉਹ ਲੋਕ ਹਾਂ ਜਿਨ੍ਹਾਂ ਦੀ ਸੱਚੀ ਸੁੰਨਤ ਹੋਈ ਹੈ। ਅਸੀਂ ਪਰਮੇਸ਼ੁਰ ਦੀ ਉਪਾਸਨਾ ਉਸਦੇ ਆਤਮੇ ਰਾਹੀਂ ਕਰਦੇ ਹਾਂ ਅਤੇ ਆਪਣਾ ਵਿਸ਼ਵਾਸ ਆਪਣੇ ਖੁਦ ਵਿੱਚ ਰੱਖਣ ਦੀ ਬਜਾਏ ਮਸੀਹ ਯਿਸੂ ਵਿੱਚ ਰਖਦੇ ਹਾਂ।
4 ਹਾਲਾਂ ਕਿ ਆਪਣਾ ਭਰੋਸਾ ਆਪਣੇ ਵਿੱਚ ਰਖ ਸਕਦਾ ਹਾਂ, ਪਰ ਮੈਂ ਅਜਿਹਾ ਨਹੀਂ ਕਰਦਾ। ਜੇਕਰ ਕੋਈ ਸੋਚਦਾ ਹੈ ਕਿ ਉਹ ਆਪਣਾ ਭਰੋਸਾ ਆਪਣੇ ਆਪ ਵਿੱਚ ਰਖ ਸਕਦਾ ਹੈ, ਫ਼ੇਰ ਮੇਰੇ ਕੋਲ ਆਪਣਾ ਭਰੋਸਾ ਆਪਣੇ ਆਪ ਵਿੱਚ ਰੱਖਣ ਲਈ ਵਧ ਕਾਰਣ ਹਨ।
5 ਮੇਰੀ ਸੁੰਨਤ ਜੰਮਨ ਤੋਂ ਬਾਦ ਅਠਵੇਂ ਦਿਨ ਹੀ ਹੋ ਗਈ ਸੀ। ਮੈਂ ਬਿਨਯਾਮੀਨ ਦੇ ਵੰਸ਼ ਵਿੱਚੋਂ ਹਾਂ। ਮੈਂ ਇੱਕ ਯਹੂਦੀ ਹਾਂ ਅਤੇ ਮੇਰੇ ਮਾਪੇ ਯਹੂਦੀ ਸਨ। ਮੂਸਾ ਦੀ ਸ਼ਰ੍ਹਾ ਮੇਰੇ ਲਈ ਬਹੁਤ ਮਹੱਤਵਪੂਰਣ ਸੀ, ਇਸੇ ਲਈ ਮੈਂ ਇੱਕ ਫ਼ਰੀਸੀ ਬਣ ਗਿਆ।
6 ਮੈਂ ਆਪਣੇ ਯਹੂਦੀ ਧਰਮ ਬਾਰੇ ਬਡ਼ਾ ਜੋਸ਼ੀਲਾ ਸੀ। ਇਸ ਲਈ ਮੈਂ ਕਲੀਸਿਯਾ ਨੂੰ ਦੰਡ ਦਿੱਤੇ। ਮੈਂ ਬਡ਼ੇ ਧਿਆਨ ਨਾਲ ਮੂਸਾ ਦੀ ਸ਼ਰ੍ਹਾ ਦੀ ਪਾਲਣਾ ਕੀਤੀ ਅਤੇ ਕਿਸੇ ਨੂੰ ਵੀ ਮੇਰੇ ਸ਼ਰ੍ਹਾ ਨੂੰ ਮੰਨਣ ਦੇ ਢੰਗ ਵਿੱਚ ਕੋਈ ਦੋਸ਼ ਨਾ ਲਭਿਆ।
7 ਪਰ ਜੋ ਸਾਰੀਆਂ ਚੀਜ਼ਾਂ ਇੱਕ ਸਮੇਂ ਵਿੱਚ ਮੇਰੇ ਲਈ ਮਹੱਤਵਪੂਰਣ ਸਨ, ਅੱਜ ਮੈਂ ਉਨ੍ਹਾਂ ਚੀਜ਼ਾਂ ਨੂੰ ਮਸੀਹ ਦੇ ਕਾਰਣ ਵਿਅਰਥ ਕਰਾਰ ਦਿੰਦਾ ਹਾਂ।
8 ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦੀ ਉੱਤਮਤਾਈ ਦੇ ਕਾਰਣ ਅੱਜ ਤੱਕ ਸਭ ਕਾਸੇ ਨੂੰ ਹੀਣ ਸਮਝਦਾ ਹਾਂ। ਉਸੇ ਲਈ ਮੈਂ ਸਭ ਕਾਸੇ ਨੂੰ ਤਿਆਗ ਦਿੱਤਾ ਹੈ। ਅਤੇ ਮੈਂ ਸਭ ਕਾਸੇ ਨੂੰ ਕੂਡ਼ਾ ਹੀ ਸਮਝਣ ਲੱਗਾ ਹਾਂ ਤਾਂ ਕਿ ਮੈਂ ਮਸੀਹ ਨੂੰ ਪਾ ਸਕਾਂ।
9 ਇਹ ਮੈਨੂੰ ਮਸੀਹ ਵਿੱਚ ਅਤੇ ਧਰਮੀ ਹੋਣ ਵਿੱਚ ਮਦਦ ਕਰਦਾ ਹੈ। ਇਹ ਧਾਰਮਿਕਤਾ ਸ਼ਰ੍ਹਾ ਦਾ ਅਨੁਸਰਣ ਕਰਨ ਤੋਂ ਨਹੀਂ ਆਉਂਦੀ, ਸਗੋਂ ਨਿਹਚਾ ਰਾਹੀਂ ਪਰਮੇਸ਼ੁਰ ਵੱਲੋਂ ਆਉਂਦੀ ਹੈ। ਪਰਮੇਸ਼ੁਰ ਮੈਨੂੰ ਮਸੀਹ ਵਿੱਚ ਮੇਰੇ ਵਿਸ਼ਵਾਸ ਰਾਹੀਂ ਧਰਮੀ ਬਣਾਉਂਦਾ ਹੈ।
10 ਮੈਂ ਜੋ ਜਾਨਣਾ ਚਾਹੁੰਦਾ ਹਾਂ ਮਸੀਹ ਅਤੇ ਉਸ ਸ਼ਕਤੀ ਨੂੰ ਜਿਸਨੇ ਉਸਨੂੰ ਮੌਤ ਤੋਂ ਉਭਾਰਿਆ ਹੈ। ਮੈਂ ਮਸੀਹ ਦੇ ਦੁਖਾਂ ਦਾ ਭਾਗੀਦਾਰ ਹੋਣਾ ਚਾਹੁੰਦਾ ਹਾਂ ਅਤੇ ਉਸਦੀ ਮੌਤ ਵਿੱਚ ਉਸੇ ਜਿਹਾ ਬਣਨਾ ਚਾਹੁੰਦਾ ਹਾਂ।
11 ਇਸ ਤਰ੍ਹਾਂ, ਮੈਨੂੰ ਉਮੀਦ ਹੈ ਕਿ ਕਿਵੇਂ ਵੀ ਮੈਂ ਉਨ੍ਹਾਂ ਵਿੱਚੋਂ ਹੋ ਸਕਦਾ ਹਾਂ ਜੋ ਮੌਤ ਤੋਂ ਉਭਾਰੇ ਜਾਣਗੇ।
12 ਮੇਰਾ ਇਹ ਭਾਵ ਨਹੀਂ ਕਿ ਮੈਂ ਪਹਿਲਾਂ ਹੀ ਬਿਲਕੁਲ ਉਹੋ ਜਿਹਾ ਬਣ ਗਿਆ ਜਿਵੇਂ ਪਰਮੇਸ਼ੁਰ ਮੈਨੂੰ ਬਨਾਉਣਾ ਚਾਹੁੰਦਾ ਸੀ। ਮੈਂ ਹਾਲੇ ਟੀਚੇ ਤੱਕ ਨਹੀਂ ਪਹੁੰਚਿਆ। ਪਰ ਮੈਂ ਉਸ ਟੀਚੇ ਤੱਕ ਪਹੁੰਚਣ ਲਈ ਨਿਰੰਤਰ ਸੰਘਰਸ਼ ਕਰ ਰਿਹਾ ਹਾਂ। ਇਹ ਸਿਰਫ਼ ਇਹੀ ਕਾਰਣ ਹੈ ਕਿ ਮਸੀਹ ਯਿਸੂ ਨੇ ਮੈਨੂੰ ਆਪਣਾ ਬਣਾਇਆ।
13 ਭਰਾਵੋ ਅਤੇ ਭੈਣੋ ਮੈਂ ਜਾਣਦਾ ਹਾਂ ਕਿ ਮੈਂ ਹਾਲੇ ਤੱਕ ਮੰਜਿਲ ਤੇ ਨਹੀਂ ਪਹੁੰਚਿਆ। ਪਰ ਇੱਕ ਗੱਲ ਹੈ ਜੋ ਮੈਂ ਹਮੇਸ਼ਾ ਕਰਦਾ ਹਾਂ; ਮੈਂ ਬੀਤੀਆਂ ਗੱਲਾਂ ਨੂੰ ਭੁੱਲ ਚੁਕਿਆ ਹਾਂ ਅਤੇ ਮੈਂ ਉਸ ਮੰਜਿਲ ਤੇ ਪਹੁੰਚਣ ਦੀ ਸਖਤ ਕੋਸ਼ਿਸ਼ ਕਰ ਰਿਹਾ ਹਾਂ ਜੋ ਮੇਰੇ ਸਾਮ੍ਹਣੇ ਹੈ।
14 ਮੈਂ ਮੰਜਿਲ ਤੇ ਪਹੁੰਚਣ ਲਈ ਅਤੇ ਉਹ ਇਨਾਮ ਜਿੱਤਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹਾਂ, ਜਿਸ ਵਾਸਤੇ ਪਰਮੇਸ਼ੁਰ ਸਾਨੂੰ ਮਸੀਹ ਯਿਸੂ ਰਾਹੀਂ ਸਵਰਗ ਨੂੰ ਬੁਲਾ ਰਿਹਾ ਹੈ।
15 ਸਾਨੂੰ ਸਾਰਿਆਂ ਨੂੰ, ਜਿਹਡ਼ੇ ਆਤਮਕ ਤੌਰ ਤੇ ਪੂਰੀ ਤਰ੍ਹਾਂ ਵੱਡੇ ਹੋ ਚੁੱਕੇ ਹਾਂ, ਇਸੇ ਤਰ੍ਹਾਂ ਹੀ ਸੋਚਣਾ ਚਾਹੀਦਾ ਹੈ। ਪਰ ਜੇਕਰ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਗਲ ਨਾਲ ਵੀ ਸਹਿਮਤ ਨਾ ਹੋਵੋ, ਤਾਂ ਪਰਮੇਸ਼ੁਰ ਤੁਹਾਨੂੰ ਇਹ ਸਪਸ਼ਟ ਕਰ ਦੇਵੇਗਾ।
16 ਹਰ ਹਾਲਤ ਵਿੱਚ ਸਾਨੂੰ ਸੱਚ ਦੇ ਰਾਹ ਤੇ ਤੁਰਨਾ ਜਾਰੀ ਰੱਖਣਾ ਚਾਹਈਦਾ ਹੈ ਜੋ ਅਸੀਂ ਹੁਣ ਤਕ ਅਨੁਸਰਣ ਕਰਦੇ ਆਏ ਹਾਂ।
17 ਭਰਾਵੋ ਅਤੇ ਭੈਣੋ, ਮੇਰੇ ਉਦਾਹਰਣਾਂ ਦਾ ਅਨੁਸਰਣ ਕਰੋ। ਉਨ੍ਹਾਂ ਲੋਕਾਂ ਦਾ ਨਰੀਖਣ ਕਰੋ ਜਿਹਡ਼ੇ ਨੇਡ਼ਤਾ ਨਾਲ ਸਾਡੇ ਉਦਾਹਰਣਾ ਦਾ ਅਨੁਸਰਣ ਕਰਦੇ ਹਨ। ਜਿਵੇਂ ਅਸੀਂ ਇਹ ਰਾਹ ਤੁਹਾਨੂੰ ਵਿਖਾਏ। ਤੁਸੀਂ ਵੀ ਉਨ੍ਹਾਂ ਵਾਂਗ ਅਨੁਸਰਣ ਕਰੋ।
18 ਬਹੁਤ ਸਾਰੇ ਲੋਕ ਮਸੀਹ ਦੀ ਸਲੀਬ ਦੇ ਦੁਸ਼ਮਣਾਂ ਵਾਂਗ ਜਿਉਂਦੇ ਹਨ। ਮੈਂ ਕਈ ਵਾਰੀ ਅਜਿਹੇ ਲੋਕਾਂ ਬਾਰੇ ਤੁਹਾਨੂੰ ਦਸਿਆ ਹੈ। ਅਤੇ ਹੁਣ ਉਨ੍ਹਾਂ ਬਾਰੇ ਦੱਸਣ ਲਗਿਆਂ ਮ੍ਮੈਨੂੰ ਰੋਣਾ ਆਉਂਦਾ ਹੈ।
19 ਜਿਸ ਰਾਹ ਤੇ ਉਹ ਜਿਉਂ ਰਹੇ ਹਨ ਉਹ ਰਾਹ ਹੈ ਜੋ ਤਬਾਹੀ ਵੱਲ ਜਾਂਦਾ ਹੈ। ਉਨ੍ਹਾਂ ਦੀ ਭੁਖ ਹੀ ਉਨ੍ਹਾਂ ਦਾ ਪਰਮੇਸ਼ੁਰ ਹੈ। ਉਨ੍ਹਾਂ ਨੂੰ ਉਨ੍ਹਾਂ ਗੱਲਾਂ ਤੇ ਅਭਿਮਾਨ ਹੈ ਜਿਹਡ਼ੀਆਂ ਗੱਲਾਂ ਤੇ ਉਨ੍ਹਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਉਹ ਸਿਰਫ਼ ਦੁਨਿਆਵੀ ਚੀਜ਼ਾਂ ਬਾਰੇ ਸੋਚਦੇ ਹਨ।
20 ਪਰ ਸਾਡੀ ਮਾਤਭੂਮੀ ਸੁਰਗਾਂ ਵਿੱਚ ਹੈ। ਅਸੀਂ ਆਪਣੇ ਮੁਕਤੀਦਾਤੇ ਦੇ ਸੁਰਗਾਂ ਤੋਂ ਆਉਣ ਦੀ ਉਡੀਕ ਕਰ ਰਹੇ ਹਾਂ। ਸਾਡਾ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਹੈ।
21 ਮਸੀਹ ਸਾਡੇ ਭੌਤਿਕ ਸ਼ਰੀਰਾਂ ਨੂੰ ਆਪਣੇ ਮਹਿਮਾਮਈ ਸ਼ਰੀਰ ਵਾਂਗ ਬਦਲ ਦੇਵੇਗਾ। ਉਹ ਇਹ ਉਸ ਸ਼ਕਤੀ ਨਾਲ ਕਰੇਗਾ ਜਿਸ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਨਿਯਂਤ੍ਰਣ ਹੇਠ ਰੱਖਣ ਯੋਗ ਹੈ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×