Bible Versions
Bible Books

2 Chronicles 34 (PAV) Punjabi Old BSI Version

1 ਯੋਸੀਯਾਹ ਅੱਠਾਂ ਵਰਿਹਾਂ ਦਾ ਸੀ ਜਦ ਰਾਜ ਕਰਨ ਲੱਗਾ ਅਤੇ ਉਸ ਨੇ ਇਕੱਤੀ ਵਰਹੇ ਯਰੂਸ਼ਲਮ ਵਿੱਚ ਰਾਜ ਕੀਤਾ
2 ਉਸ ਨੇ ਉਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੇ ਪਿਤਾ ਦਾਊਦ ਦੇ ਮਾਰਗਾਂ ਉੱਤੇ ਚੱਲਦਾ ਰਿਹਾ ਅਤੇ ਸੱਜੇ ਖੱਬੇ ਨਾ ਮੁੜਿਆ
3 ਕਿਉਂ ਜੋ ਆਪਣੇ ਰਾਜ ਦੇ ਅੱਠਵੇਂ ਵਰਹੇ ਜਦ ਉਹ ਮੁੰਡਾ ਹੀ ਸੀ ਉਹ ਆਪਣੇ ਪਿਤਾ ਦਾਊਦ ਦੇ ਪਰਮੇਸ਼ੁਰ ਦਾ ਤਾਲਿਬ ਹੋਇਆ ਅਤੇ ਬਾਰਵੇਂ ਵਰਹੇ ਵਿੱਚ ਯਹੂਦਾਹ ਅਤੇ ਯਰੂਸ਼ਲਮ ਨੂੰ ਉੱਚੇ ਅਸਥਾਨਾਂ ਅਰ ਟੁੰਡਾਂ ਦੇ ਦੇਵਤਿਆਂ ਤੋਂ ਅਰ ਘੜੀਆਂ ਹੋਈਆਂ ਅਰ ਢਾਲੀਆਂ ਹੋਈਆਂ ਮੂਰਤਾਂ ਤੋਂ ਸਾਫ਼ ਕਰਨ ਲੱਗਾ
4 ਅਤੇ ਉਨ੍ਹਾਂ ਨੇ ਉਸ ਦੇ ਸਾਹਮਣੇ ਬਆਲਾ ਦੀਆਂ ਜਗਵੇਦੀਆਂ ਨੂੰ ਢਾਹ ਦਿੱਤਾ ਅਤੇ ਸੂਰਜ ਦੀਆਂ ਮੂਰਤਾਂ ਨੂੰ ਜਿਹੜੀਆਂ ਉਨ੍ਹਾਂ ਦੇ ਉੱਪਰ ਸਨ ਉਸ ਨੇ ਵੱਢ ਸੁੱਟੀਆਂ ਅਤੇ ਟੁੰਡ ਦੇਵਤਿਆਂ ਨੂੰ ਅਰ ਘੜੀਆਂ ਹੋਈਆਂ ਤੇ ਢਾਲੀਆਂ ਹੋਈਆਂ ਮੂਰਤਾਂ ਨੂੰ ਉਸ ਨੇ ਟੋਟੇ ਟੋਟੇ ਕਰ ਸੁੱਟਿਆ ਅਤੇ ਉਨ੍ਹਾਂ ਦਾ ਪੀਪਾ ਬਣਾ ਕੇ ਉਸ ਨੂੰ ਉਨ੍ਹਾਂ ਦੀਆਂ ਕਬਰਾਂ ਉੱਤੇ ਖਿਲਾਰਿਆ ਜਿਨ੍ਹਾਂ ਨੇ ਉਨ੍ਹਾਂ ਲਈ ਬਲੀਆਂ ਚੜ੍ਹਾਈਆਂ ਸਨ
5 ਅਤੇ ਜਾਜਕਾਂ ਦੀਆਂ ਹੱਡੀਆਂ ਉਨ੍ਹਾਂ ਦੀਆਂ ਜਗਵੇਦੀਆਂ ਉੱਤੇ ਸਾੜੀਆਂ, ਐਉਂ ਉਸ ਨੇ ਯਹੂਦਾਹ ਅਰ ਯਰੂਸ਼ਲਮ ਨੂੰ ਸ਼ੁੱਧ ਕੀਤਾ
6 ਉਸ ਨੇ ਮਨੱਸ਼ਹ, ਅਫਰਈਮ ਅਤੇ ਸ਼ਿਮਓਨ ਦੇ ਸ਼ਹਿਰਾਂ ਵਿੱਚ ਸਗੋਂ ਨਫਤਾਲੀ ਅਤੇ ਉਨ੍ਹਾਂ ਦੇ ਦੁਆਲੇ ਦਿਆਂ ਥੇਹਾਂ ਵਿੱਚ ਵੀ ਇਵੇਂ ਹੀ ਕੀਤਾ
7 ਉਸ ਨੇ ਇਸਰਾਏਲ ਦੇ ਸਾਰੇ ਦੇਸ ਵਿੱਚ ਜਗਵੇਦੀਆਂ ਨੂੰ ਢਾਹ ਦਿੱਤਾ ਅਤੇ ਟੁੰਡ ਦੇਵਤਿਆਂ ਨੂੰ ਅਤੇ ਘੜੀਆਂ ਹੋਈਆਂ ਮੂਰਤਾਂ ਨੂੰ ਭੰਨ੍ਹ ਤੋੜ ਕੇ ਪੀਪਾ ਕਰ ਸੁੱਟਿਆ ਅਤੇ ਸੂਰਜ ਦੀਆਂ ਸਾਰੀਆਂ ਮੂਰਤਾਂ ਨੂੰ ਵੱਢ ਸੁੱਟਿਆ ਤਾਂ ਉਹ ਯਰੂਸ਼ਲਮ ਨੂੰ ਮੁੜਿਆ।।
8 ਆਪਣੇ ਰਾਜ ਦੇ ਅਠਾਰ੍ਹਵੇਂ ਵਰਹੇ ਜਦ ਉਹ ਦੇਸ ਅਤੇ ਭਵਨ ਨੂੰ ਸਾਫ ਕਰ ਚੁੱਕਿਆ ਤਾਂ ਉਸਨੇ ਅਸਲਯਾਹ ਦੇ ਪੁੱਤ੍ਰ ਸ਼ਾਫਾਨ ਨੂੰ ਸ਼ਹਿਰ ਦੇ ਸਰਦਾਰ ਮਅਸੇਯਾਹ ਅਤੇ ਯੋਆਹਾਜ਼ ਦੇ ਪੁੱਤ੍ਰ ਯੋਆਹ ਇਤਹਾਸ ਦੇ ਲਿਖਾਰੀ ਨੂੰ ਘੱਲਿਆ ਕਿ ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਦੀ ਮੁਰੰਮਤ ਕਰਾਉਣ
9 ਤਾਂ ਓਹ ਹਿਲਕੀਯਾਹ ਪਰਧਾਨ ਜਾਜਕ ਦੇ ਕੋਲ ਆਏ ਅਤੇ ਉਹ ਚਾਂਦੀ ਜਿਹੜੀ ਪਰਮੇਸ਼ੁਰ ਦੇ ਭਵਨ ਵਿੱਚ ਲਿਆਂਦੀ ਗਈ ਸੀ ਜੋ ਦਰਬਾਨ ਲੇਵੀਆਂ ਨੇ ਮਨੱਸ਼ਹ ਅਤੇ ਅਫਰਾਈਮ ਦੇ ਹੱਥੋਂ ਅਤੇ ਇਸਰਾਏਲ ਦੇ ਸਾਰੇ ਬਕੀਏ ਕੋਲੋਂ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਅਤੇ ਯਰੂਸ਼ਲਮ ਦੇ ਵਾਸੀਆਂ ਕੋਲੋਂ ਇਕੱਠੀ ਕੀਤੀ ਸੀ ਉਸ ਨੂੰ ਦੇ ਦਿੱਤੀ
10 ਅਤੇ ਉਨ੍ਹਾਂ ਨੇ ਉਸ ਨੂੰ ਉਨ੍ਹਾਂ ਕਰਿੰਦਿਆਂ ਦੇ ਹੱਥ ਵਿੱਚ ਦਿੱਤੀ ਜਿਹੜੇ ਯਹੋਵਾਹ ਦੇ ਭਵਨ ਦੀ ਦੇਖ ਭਾਲ ਕਰਦੇ ਸਨ ਤਾਂ ਉਨ੍ਹਾਂ ਕਰਿੰਦਿਆਂ ਨੇ ਜੋ ਪਰਮੇਸ਼ੁਰ ਦੇ ਭਵਨ ਵਿੱਚ ਕੰਮ ਕਰਦੇ ਸਨ ਉਸ ਨੂੰ ਉਸ ਭਵਨ ਦੀ ਮੁਰੰਮਤ ਅਤੇ ਪੱਕਾ ਕਰਨ ਉੱਤੇ ਲਾਇਆ
11 ਅਰਥਾਤ ਉਸ ਨੂੰ ਤਰਖਾਣਾਂ ਅਤੇ ਰਾਜਾਂ ਨੂੰ ਦਿੱਤਾ ਤਾਂ ਜੋ ਘੜੇ ਹੋਏ ਪੱਥਰ ਅਤੇ ਜੋੜੀਆਂ ਲਈ ਲੱਕੜੀ ਮੁੱਲ ਲੈਣ ਅਤੇ ਉਨ੍ਹਾਂ ਘਰਾਂ ਲਈ ਵੀ ਜਿਨ੍ਹਾਂ ਨੂੰ ਯਹੂਦਾਹ ਦੇ ਪਾਤਸ਼ਾਹਾਂ ਨੇ ਉਜਾੜ ਦਿੱਤਾ ਸੀ ਸ਼ਤੀਰ ਬਣਾਉਣ
12 ਅਤੇ ਓਹ ਮਨੁੱਖ ਈਮਾਨਦਾਰੀ ਨਾਲ ਕੰਮ ਕਰਦੇ ਸਨ ਅਤੇ ਯਹਤ ਅਰ ਓਬਦਯਾਹ ਲੇਵੀ ਮਰਾਰੀ ਦੀ ਵੰਸ ਵਿੱਚੋਂ ਉਨ੍ਹਾਂ ਦੀ ਵੇਖ ਭਾਲ ਕਰਦੇ ਸਨ ਅਤੇ ਕਾਹਾਥੀਆਂ ਦੀ ਵੰਸ਼ ਵਿੱਚੋਂ ਜ਼ਕਰਯਾਹ ਅਰ ਮਸ਼ੂਲਾਮ ਉਨ੍ਹਾਂ ਤੋਂ ਕੰਮ ਕਰਾਉਂਦੇ ਸਨ ਅਤੇ ਓਹ ਸਾਰੇ ਲੇਵੀ ਬਾਜਿਆਂ ਦੇ ਬਜਾਉਣ ਵਿੱਚ ਵੱਡੇ ਗੁਣੀਏ ਸਨ
13 ਅਤੇ ਓਹ ਭਾਰ ਚੁੱਕਣ ਵਾਲਿਆਂ ਦੇ ਉੱਤੇ ਸਨ ਅਤੇ ਹਰ ਪਰਕਾਰ ਦਾ ਕੰਮ ਕਰਨ ਵਾਲਿਆਂ ਪਾਸੋਂ ਕੰਮ ਕਰਾਉਂਦੇ ਸਨ ਅਤੇ ਲੇਵੀਆਂ ਵਿੱਚੋਂ ਲਿਖਾਰੀ ਅਰ ਅਫਸਰ ਅਰ ਦਰਬਾਨ ਸਨ
14 ਜਦ ਓਹ ਉਸ ਚਾਂਦੀ ਨੂੰ ਜਿਹੜੀ ਯਹੋਵਾਹ ਦੇ ਭਵਨ ਵਿੱਚ ਲਿਆਂਦੀ ਗਈ ਸੀ ਬਾਹਰ ਕੱਢ ਰਹੇ ਸਨ ਤਾਂ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੀ ਬਿਵਸਥਾ ਦੀ ਪੋਥੀ ਜਿਹੜੀ ਮੂਸਾ ਦੇ ਰਾਹੀਂ ਦਿੱਤੀ ਗਈ ਸੀ ਲੱਭੀ
15 ਤਾਂ ਹਿਲਕੀਯਾਹ ਨੇ ਸ਼ਾਫ਼ਾਨ ਲਿਖਾਰੀ ਨੂੰ ਆਖਿਆ ਕਿ ਮੈਨੂੰ ਬਿਵਸਥਾ ਦੀ ਪੋਥੀ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਹੈ ਅਤੇ ਹਿਲਕੀਯਾਹ ਨੇ ਉਹ ਪੋਥੀ ਸ਼ਾਫ਼ਾਨ ਨੂੰ ਦੇ ਦਿੱਤੀ
16 ਅਤੇ ਸ਼ਾਫ਼ਾਨ ਉਸ ਪੋਥੀ ਨੂੰ ਪਾਤਸ਼ਾਹ ਦੇ ਕੋਲ ਲੈ ਗਿਆ ਫਿਰ ਉਸ ਨੇ ਪਾਤਸ਼ਾਹ ਨੂੰ ਏਹ ਸੁਨੇਹਾ ਦਿੱਤਾ ਕਿ ਸਾਰਾ ਕੰਮ ਜੋ ਤੁਸਾਂ ਆਪਣੇ ਟਹਿਲੂਆਂ ਦੇ ਜਿੰਮੇ ਕੀਤਾ ਸੀ ਓਹ ਕਰਦੇ ਹਨ
17 ਅਤੇ ਉਹ ਚਾਂਦੀ ਜਿਹੜੀ ਯਹੋਵਾਹ ਦੇ ਭਵਨ ਵਿੱਚੋਂ ਮਿਲੀ ਲੈ ਕੇ ਵੇਖ ਭਾਲ ਕਰਨ ਵਾਲਿਆਂ ਨੂੰ ਅਤੇ ਕੰਮ ਕਰਨ ਵਾਲਿਆਂ ਨੂੰ ਦੇ ਦਿੱਤੀ
18 ਤਾਂ ਸ਼ਾਫ਼ਾਨ ਲਿਖਾਰੀ ਨੇ ਪਾਤਸ਼ਾਹ ਨੰ ਦੱਸਿਆ ਕਿ ਹਿਲਕੀਯਾਹ ਜਾਜਕ ਨੇ ਮੈਨੂੰ ਇੱਕ ਪੋਥੀ ਫੜਾਈ ਹੈ ਅਤੇ ਸ਼ਾਫਾਨ ਨੇ ਉਹ ਨੂੰ ਪਤਾਸ਼ਾਹ ਦੇ ਸਾਹਮਣੇ ਪੜ੍ਹਿਆ
19 ਫੇਰ ਐਉਂ ਹੋਇਆ ਕਿ ਜਦ ਪਾਤਸ਼ਾਹ ਨੇ ਬਿਵਸਥਾ ਦੀਆਂ ਗੱਲਾਂ ਸੁਣੀਆਂ ਤਾਂ ਉਹ ਨੇ ਆਪਣੇ ਲੀੜੇ ਪਾੜੇ
20 ਤਾਂ ਪਾਤਸ਼ਾਹ ਨੇ ਹਿਲੀਕਯਾਹ ਨੂੰ ਸ਼ਾਫ਼ਾਨ ਦੇ ਪੁੱਤ੍ਰ ਅਹੀਕਾਮ ਨੂੰ ਅਰ ਮੀਕਾਹ ਦੇ ਪੁੱਤ੍ਰ ਅਬਦੋਨ ਨੂੰ ਅਰ ਸ਼ਾਫ਼ਾਨ ਲਿਖਾਰੀ ਨੂੰ ਅਰ ਪਾਤਸ਼ਾਹ ਦੇ ਟਹਿਲੂਏ ਅਸਾਯਾਹ ਨੂੰ ਹੁਕਮ ਦਿੱਤਾ ਕਿ
21 ਤੁਸੀਂ ਜਾਓ ਅਰ ਮੇਰੀ ਵੱਲੋਂ ਅਰ ਉਨ੍ਹਾਂ ਵੱਲੋਂ ਜਿਹੜੇ ਇਸਰਾਏਲ ਅਤੇ ਯਹੂਦਾਹ ਵਿੱਚ ਬਾਕੀ ਹਨ ਏਸ ਪੋਥੀ ਦੀਆਂ ਗੱਲਾਂ ਦੇ ਵਿਖੇ ਜੋ ਲੱਭੀ ਹੈ ਯਹੋਵਾਹ ਤੋਂ ਪੁੱਛ ਗਿੱਛ ਕਰੋ ਕਿਉਂ ਜੋ ਯਹੋਵਾਹ ਦਾ ਵੱਡਾ ਕ੍ਰੋਧ ਸਾਡੇ ਉੱਤੇ ਡੋਹਲਿਆ ਗਿਆ ਹੈ ਏਸ ਲਈ ਭਈ ਸਾਡੇ ਪਿਉ ਦਾਦਿਆਂ ਨੇ ਯਹੋਵਾਹ ਦੇ ਬਚਨਾਂ ਦੀ ਪਾਲਨਾ ਨਹੀਂ ਕੀਤੀ ਕਿ ਸਭ ਕੁਝ ਜੋ ਏਸ ਪੋਥੀ ਵਿੱਚ ਲਿਖਿਆ ਹੈ ਉਸ ਦੇ ਅਨੁਸਾਰ ਕਰਨ
22 ਤਾਂ ਹਿਲਕੀਯਾਹ ਅਤੇ ਓਹ ਜਿਨ੍ਹਾਂ ਨੂੰ ਪਾਤਸ਼ਾਹ ਨੇ ਮੁਕਰੱਰ ਕੀਤਾ ਸੀ ਹੁਲਦਾਹ ਨਬੀਆਂ ਦੇ ਕੋਲ ਗਏ ਜਿਹੜੇ ਤੋਸ਼ੇ ਖਾਨੇ ਦੇ ਰੱਖ ਵਾਲੇ ਤਾਕਹਥ ਦੇ ਪੁੱਤ੍ਰ ਅਤੇ ਹਸਰਾਹ ਦੇ ਪੋਤੇ ਸ਼ੱਲੁਮ ਦੀ ਪਤਨੀ ਸੀ (ਉਹ ਯਰੂਸ਼ਲਮ ਵਿੱਚ ਦੂਜੇ ਮਹੱਲੇ ਵਿੱਚ ਰਹਿੰਦੀ ਸੀ) ਸੋ ਉਨ੍ਹਾਂ ਨੇ ਉਹ ਦੇ ਨਾਲ ਉਸ ਦੇ ਵਿਖੇ ਗੱਲਾਂ ਕੀਤੀਆਂ
23 ਉਹ ਨੇ ਉਨ੍ਹਾਂ ਨੂੰ ਆਖਿਆ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਐਉਂ ਫਰਮਾਉਂਦਾ ਹੈ ਕਿ ਤੁਸੀਂ ਉਸ ਮਨੁੱਖ ਨੂੰ ਜਿਸਨੇ ਤੁਹਾਨੂੰ ਮੇਰੇ ਕੋਲ ਘੱਲਿਆ ਹੈ ਇਉਂ ਆਖੋ,
24 ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖੋ, ਮੈਂ ਏਸ ਥਾਂ ਅਤੇ ਏਸ ਦੇ ਵਾਸੀਆਂ ਦੇ ਉੱਤੇ ਬੁਰਿਆਈ ਲਿਆਉਣ ਵਾਲਾ ਹਾਂ ਅਰਥਾਤ ਸਾਰੇ ਸਰਾਪ ਜਿਹੜੇ ਏਸ ਪੋਥੀ ਵਿੱਚ ਲਿਖੇ ਹਨ ਜਿਹੜੀ ਉਨ੍ਹਾਂ ਨੇ ਯਹੂਦਾਹ ਦੇ ਪਾਤਸ਼ਾਹ ਦੇ ਸਾਹਮਣੇ ਪੜ੍ਹੀ ਹੈ
25 ਕਿਉਂ ਜੋ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਪਰਾਏ ਦੇਵਤਿਆਂ ਦੇ ਅੱਗੇ ਧੂਪ ਧੁਖਾਈ ਤਾਂ ਜੋ ਓਹ ਆਪਣੇ ਹੱਥਾਂ ਦੀ ਸਾਰੀ ਕਾਰੀਗਰੀ ਨਾਲ ਮੈਨੂੰ ਕ੍ਰੋਧ ਵਿਚ ਲਿਆਉਣ ਏਸ ਲਈ ਮੇਰਾ ਕ੍ਰੋਧ ਇਸ ਥਾਂ ਉੱਤੇ ਪਿਆ ਹੈ ਅਤੇ ਉਹ ਬੁੱਝੇਗਾ ਨਹੀਂ
26 ਪਰ ਯਹੂਦਾਹ ਦੇ ਪਾਤਸ਼ਾਹ ਨੂੰ ਜਿਸ ਤੁਹਾਨੂੰ ਯਹੋਵਾਹ ਵੱਲੋਂ ਪੁੱਛ ਗਿੱਛ ਕਰਨ ਲਈ ਘੱਲਿਆ ਹੈ ਇਉਂ ਕਹੋ ਕਿ ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਐਉਂ ਫਰਮਾਉਂਦਾ ਹੈ ਕਿ ਓਹਨਾਂ ਗੱਲਾਂ ਦੇ ਵਿਖੇ ਜਿਹੜੀਆਂ ਤੈਂ ਸੁਣੀਆਂ ਹਨ
27 ਏਸ ਲਈ ਕਿ ਤੇਰਾ ਮਨ ਮੁਲੈਮ ਹੋਇਆ ਅਤੇ ਤੂੰ ਪਰਮੇਸ਼ੁਰ ਦੇ ਅੱਗੇ ਅਧੀਨ ਹੋਇਆ ਹੈਂ ਜਦ ਤੋਂ ਤੂੰ ਉਸ ਦੀਆਂ ਗੱਲਾਂ ਏਸ ਅਸਥਾਨ ਦੇ ਵਿਰੁੱਧ ਅਤੇ ਏਸ ਦੇ ਵਾਸੀਆਂ ਦੇ ਵਿਰੁੱਧ ਸੁਣੀਆਂ ਹਨ ਅਤੇ ਮੇਰੇ ਅੱਗੇ ਆਪਣੇ ਆਪ ਨੂੰ ਅਧੀਨ ਬਣਾਇਆ ਹੈ ਅਰ ਆਪਣੇ ਲੀੜੇ ਪਾੜ ਕੇ ਮੇਰੇ ਅੱਗੇ ਰੋਇਆ ਸੋ ਮੈਂ ਵੀ ਤੇਰੀ ਸੁਣ ਲਈ ਹੈ, ਯਹੋਵਾਹ ਦਾ ਵਾਕ ਹੈ
28 ਵੇਖ, ਮੈਂ ਤੈਨੂੰ ਤੇਰੇ ਪਿਉ ਦਾਦਿਆਂ ਨਾਲ ਮਿਲਾਵਾਂਗਾ ਅਤੇ ਤੂੰ ਆਪਣੀ ਕਬਰ ਵਿੱਚ ਸ਼ਾਂਤੀ ਨਾਲ ਰੱਖਿਆ ਜਾਵੇਂਗਾ ਅਤੇ ਸਾਰੀ ਬੁਰਿਆਈ ਨੂੰ ਜੋ ਮੈਂ ਏਸ ਥਾਂ ਅਤੇ ਏਸ ਦੇ ਵਾਸੀਆਂ ਦੇ ਉੱਤੇ ਲਿਆਉਣ ਵਾਲਾ ਹਾਂ ਤੇਰੀਆਂ ਅੱਖਾਂ ਨਹੀਂ ਵੇਖਣਗੀਆਂ ਓਹ ਫੇਰ ਪਾਤਸ਼ਾਹ ਕੋਲ ਸੁਨੇਹਾ ਲਿਆਏ ਉਹ ਫਿਰ ਪਾਤਸ਼ਾਹ ਕੋਲ ਇਹ ਸੁਨੇਹਾ ਲਿਆਏ
29 ਤਾਂ ਪਾਤਸ਼ਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਬਜ਼ੁਰਗਾਂ ਨੂੰ ਸਦਵਾ ਕੇ ਇਕੱਠਾ ਕੀਤਾ
30 ਫੇਰ ਪਾਤਸ਼ਾਹ ਅਤੇ ਯਹੂਦਾਹ ਦੇ ਸਾਰੇ ਮਨੁੱਖ ਅਤੇ ਯਰੂਸ਼ਲਮ ਦੇ ਵਾਸੀ ਅਤੇ ਜਾਜਕ ਅਰ ਲੇਵੀ, ਸਾਰੇ ਛੋਟੇ ਵੱਡੇ ਲੋਕ, ਯਹੋਵਾਹ ਦੇ ਭਵਨ ਨੂੰ ਉਤਾਹਾਂ ਗਏ ਤਾਂ ਉਹ ਨੇ ਨੇਮ ਦੀ ਪੋਥੀ ਜਿਹੜੀ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਸੀ ਉਸ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਲੋਕਾਂ ਦੇ ਕੰਨੀਂ ਪਾਈਆਂ
31 ਤਾਂ ਪਾਤਸ਼ਾਹ ਆਪਣੇ ਥਾਂ ਉੱਤੇ ਜਾ ਖਲੋਤਾ ਅਤੇ ਯਹੋਵਾਹ ਦੇ ਅੱਗੇ ਨੇਮ ਬੰਨ੍ਹਿਆ ਭਈ ਅਸੀਂ ਯਹੋਵਾਹ ਦੇ ਪਿੱਛੇ ਤੁਰਾਂਗੇ ਅਤੇ ਉਸ ਦੇ ਹੁਕਮਨਾਮੇ, ਉਸ ਦੀਆਂ ਸਾਖੀਆਂ ਅਰ ਉਸ ਦੀਆਂ ਬਿਧੀਆਂ ਦੀ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਪਾਲਨਾ ਕਰਾਂਗੇ ਅਰ ਉਸ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖਿਆ ਹੋਈਆਂ ਹਨ ਪੂਰਾ ਕਰਾਂਗੇ
32 ਅਤੇ ਉਸਨੇ ਉਨ੍ਹਾਂ ਸਾਰਿਆਂ ਨੂੰ ਜਿਹੜੇ ਯਰੂਸ਼ਲਮ ਅਤੇ ਬਿਨਯਾਮੀਨ ਵਿੱਚ ਲੱਭੇ ਸਨ ਏਸ ਨੇਮ ਉੱਤੇ ਘਲਿਆਰਿਆ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਪਰਮੇਸ਼ੁਰ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੇ ਨੇਮ ਅਨੁਸਾਰ ਕੰਮ ਕੀਤਾ
33 ਤਾਂ ਯੋਸੀਯਾਹ ਨੇ ਇਸਰਾਏਲੀਆਂ ਦੀ ਸਾਰੀ ਧਰਤੀ ਵਿੱਚੋਂ ਘਿਣਾਉਣੀਆਂ ਚੀਜ਼ਾਂ ਨੂੰ ਦੂਰ ਕੀਤਾ ਅਤੇ ਇਸਰਾਏਲੀ ਜਿਹੜੇ ਹਾਜ਼ਰ ਸਨ ਉਨ੍ਹਾਂ ਤੋਂ ਯਹੋਵਾਹ ਉਨ੍ਹਾਂ ਦੇ ਪਰਮੇਸ਼ੁਰ ਦੀ ਉਪਾਸਨਾ ਕਰਾਈ ਅਤੇ ਓਹ ਉਸ ਦੀ ਸਾਰੀ ਉਮਰ ਤੀਕ ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੇ ਮਗਰ ਚੱਲਣ ਤੋਂ ਨਾ ਹਟੇ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×