Exodus 15 (PAV) Punjabi Old BSI Version

1 ਤਦ ਮੂਸਾ ਅਤੇ ਇਸਰਾਏਲੀਆਂ ਨੇ ਯਹੋਵਾਹ ਲਈ ਏਹ ਗੀਤ ਗਾਉਂਦੇ ਹੋਇਆਂ ਆਖਿਆ- ਮੈਂ ਯਹੋਵਾਹ ਲਈ ਗਾਵਾਂਗਾ ਕਿਉਂ ਕਿ ਉਹ ਅੱਤ ਉੱਚਾ ਹੋਇਆ ਹੈ, ਉਸ ਨੇ ਘੋੜੇ ਅਤੇ ਉਸ ਦੇ ਅਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਹੈ।
2 ਯਹੋਵਾਹ ਮੇਰਾ ਬਲ ਅਤੇ ਮੇਰਾ ਭਜਨ ਹੈ, ਉਹ ਮੇਰਾ ਛੁਟਕਾਰਾ ਹੋਇਆ ਹੈ, ਉਹ ਮੇਰਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਸੋਭਾ ਕਰਾਂਗਾ, ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਵਡਿਆਈ ਕਰਾਂਗਾ।
3 ਯਹੋਵਾਹ ਜੋਧਾ ਪੁਰਸ਼ ਹੈ, ਯਹੋਵਾਹ ਉਸ ਦਾ ਨਾਮ ਹੈ।
4 ਫ਼ਿਰਊਨ ਦੇ ਰਥ ਅਤੇ ਉਸ ਦੀ ਫੌਜ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤੀ, ਉਸ ਦੇ ਚੁਗਵੇਂ ਅਫ਼ਸਰ ਲਾਲ ਸਮੁੰਦਰ ਵਿੱਚ ਗ਼ਰਕ ਹੋ ਗਏ।
5 ਡੂੰਘਿਆਈ ਨੇ ਉਨ੍ਹਾਂ ਨੂੰ ਢੱਕ ਲਿਆ, ਓਹ ਪੱਥਰ ਵਾਂਙੁ ਤਹਿ ਵਿੱਚ ਚਲੇ ਗਏ।
6 ਹੇ ਯਹੋਵਾਹ ਤੇਰਾ ਸੱਜਾ ਹੱਥ ਸ਼ਕਤੀ ਵਿੱਚ ਤੇਜ ਵਾਨ ਹੈ, ਹੇ ਯਹੋਵਾਹ ਤੇਰਾ ਸੱਜਾ ਹੱਥ ਵੈਰੀ ਨੂੰ ਚਿਕਨਾ ਚੂਰ ਕਰ ਸੁੱਟਦਾ ਹੈ।
7 ਤੂੰ ਆਪਣੀ ਵੱਡੀ ਉੱਤਮਤਾਈ ਨਾਲ ਆਪਣੇ ਵਿਰੋਧੀਆਂ ਨੂੰ ਢਾ ਲੈਂਦਾ ਹੈ, ਤੂੰ ਆਪਣਾ ਕਰੋਧ ਘੱਲਦਾ ਹੈ ਜਿਹੜਾ ਉਨ੍ਹਾਂ ਨੂੰ ਭੁੱਠੇ ਵਾਂਙੁ ਭੱਖ ਲੈਂਦਾ ਹੈ।
8 ਤੇਰੀਆਂ ਨਾਸਾਂ ਦੀ ਸੂਕਰ ਨਾਲ ਪਾਣੀ ਜਮਾ ਹੋ ਗਏ, ਮੌਜਾਂ ਢੇਰ ਵਾਂਙੁ ਖਲੋ ਗਈਆਂ, ਡੁੰਘਿਆਈਆਂ ਸਮੁੰਦਰ ਦੇ ਵਿਚਕਾਰ ਜੰਮ ਗਈਆਂ।
9 ਵੈਰੀ ਨੇ ਆਖਿਆ, ਮੈਂ ਪਿੱਛਾ ਕਰਾਂਗਾ, ਮੈਂ ਜਾ ਲਵਾਂਗਾ, ਮੈਂ ਲੁੱਟ ਦਾ ਮਾਲ ਵੰਡਾਂਗਾ, ਮੈਂ ਉਨ੍ਹਾਂ ਨਾਲ ਮਨ ਆਈ ਕਰਾਂਗਾ, ਮੈਂ ਆਪਣੀ ਤਲਵਾਰ ਸੂਤਾਂਗਾ ਅਰ ਮੇਰਾ ਹੱਥ ਉਨ੍ਹਾਂ ਦਾ ਨਾਸ ਕਰੇਗਾ।
10 ਤੈਂ ਆਪਣੀ ਹਵਾ ਨਾਲ ਫੂਕ ਮਾਰੀ, ਸਮੁੰਦਰ ਨੇ ਉਨ੍ਹਾਂ ਨੂੰ ਢੱਕ ਲਿਆ, ਓਹ ਸਿੱਕੇ ਵਾਂਙੁ ਮਹਾ ਜਲ ਵਿੱਚ ਡੁੱਬ ਗਏ।
11 ਕੌਣ ਹੈ ਤੇਰੇ ਵਰਗਾ ਹੇ ਯਹੋਵਾਹ ਦੇਵਤਿਆਂ ਵਿੱਚ? ਕੌਣ ਹੈ ਤੇਰੇ ਵਰਗਾ ਪਵਿੱਤ੍ਰਤਾਈ ਵਿੱਚ ਪਰਤਾਪ ਵਾਲਾ, ਉਸਤਤ ਵਿੱਚ ਭੈ ਦਾਇਕ ਅਤੇ ਅਚਰਜ ਕੰਮਾਂ ਵਾਲਾ?
12 ਤੈਂ ਆਪਣਾ ਸੱਜਾ ਹੱਥ ਪਸਾਰਿਆ, ਤਾਂ ਧਰਤੀ ਉਨ੍ਹਾਂ ਨੂੰ ਨਿਗਲ ਗਈ।
13 ਤੈਂ ਆਪਣੀ ਕਿਰਪਾ ਨਾਲ ਉਸ ਪਰਜਾ ਦੀ ਅਗਵਾਈ ਕੀਤੀ ਜਿਹ ਨੂੰ ਤੈਂ ਛੁਟਕਾਰਾ ਦਿੱਤਾ ਸੀ, ਤੈਂ ਆਪਣੇ ਬਲ ਨਾਲ ਉਸ ਨੂੰ ਆਪਣੇ ਪਵਿੱਤ੍ਰ ਨਿਵਾਸ ਦੇ ਰਾਹ ਪਾ ਦਿੱਤਾ।
14 ਲੋਕਾਂ ਨੇ ਸੁਣਿਆ, ਓਹ ਕੰਬਦੇ ਹਨ, ਫਲਿਸਤੀਨ ਦੇ ਵਾਸੀਆਂ ਨੂੰ ਚੁਬਕ ਪਈ।
15 ਤਦ ਅਦੋਮ ਦੇ ਸਰਦਾਰ ਘਾਬਰ ਗਏ, ਮੋਆਬ ਦੇ ਸੂਰਮਿਆਂ ਨੂੰ ਕੰਬਣੀ ਲੱਗੀ, ਕਨਾਨ ਦੇ ਸਾਰੇ ਵਾਸੀ ਢਲ ਗਏ।
16 ਹੌਲ ਅਤੇ ਤਹਿਕਣਾ ਉਨ੍ਹਾਂ ਉੱਤੇ ਪੈਂਦਾ ਹੈ, ਓਹ ਤੇਰੀ ਬਾਂਹ ਦੇ ਵੱਡੇ ਹੋਣ ਦੇ ਕਾਰਨ ਪੱਥਰ ਵਾਂਙੁ ਚੁੱਪ ਰਹਿ ਜਾਂਦੇ ਹਨ। ਹੇ ਯਹੋਵਾਹ ਜਦ ਤੀਕ ਤੇਰੀ ਪਰਜਾ ਲੰਘ ਨਾ ਜਾਵੇ, ਜਦ ਤੀਕ ਉਹ ਪਰਜਾ ਜਿਹੜੀ ਤੈਂ ਵਿਹਾਝੀ ਹੈ ਪਾਰ ਨਾ ਲੰਘ ਜਾਵੇ,
17 ਤੂੰ ਉਨ੍ਹਾਂ ਨੂੰ ਅੰਦਰ ਲਿਆਵੇਂਗਾ ਅਤੇ ਆਪਣੀ ਮਿਲਖ ਦੇ ਪਹਾੜ ਵਿੱਚ ਲਗਾਵੇਂਗਾ, ਹੇ ਯਹੋਵਾਹ ਉਸ ਅਸਥਾਨ ਵਿੱਚ ਜਿਹੜਾ ਤੈਂ ਆਪਣੇ ਰਹਿਣ ਲਈ ਬਣਾਇਆ ਹੈ, ਹੇ ਮੇਰੇ ਪ੍ਰਭੁ, ਉਹ ਪਵਿੱਤ੍ਰ ਅਸਥਾਨ ਜਿਹੜਾ ਤੇਰੇ ਹੱਥਾਂ ਨੇ ਅਸਥਰ ਕੀਤਾ ਹੈ।
18 ਯਹੋਵਾਹ ਸਦਾ ਤੀਕ ਰਾਜ ਕਰਦਾ ਰਹੇਗਾ।।
19 ਫ਼ਿਰਊਨ ਦੇ ਘੋੜੇ ਅਰ ਉਸ ਦੇ ਰਥ ਅਰ ਉਸ ਦੇ ਘੋੜ ਚੜ੍ਹੇ ਤਾਂ ਸਮੁੰਦਰ ਵਿੱਚ ਵੜੇ ਅਤੇ ਯਹੋਵਾਹ ਨੇ ਸਮੁੰਦਰ ਦੇ ਪਾਣੀ ਨੂੰ ਉਨ੍ਹਾਂ ਉੱਤੇ ਮੋੜ ਲਿਆਂਦਾ ਪਰ ਇਸਰਾਏਲੀ ਸਮੁੰਦਰ ਦੇ ਵਿਚਕਾਰੋਂ ਦੀ ਖੁਸ਼ਕੀ ਉੱਤੋਂ ਦੀ ਲੰਘ ਗਏ
20 ਹਾਰੂਨ ਦੀ ਭੈਣ ਮਿਰਯਮ ਨਬੀਆ ਨੇ ਆਪਣੇ ਹੱਥ ਵਿੱਚ ਡੱਫ ਲਈ ਅਰ ਸਾਰੀਆਂ ਇਸਤ੍ਰੀਆਂ ਡੱਫਾਂ ਵਜਾਉਂਦੀਆਂ ਅਰ ਨੱਚਦੀਆਂ ਨੱਚਦੀਆਂ ਉਸ ਦੇ ਪਿੱਛੇ ਨਿੱਕਲੀਆਂ
21 ਮਿਰਯਮ ਨੇ ਉਨ੍ਹਾਂ ਨੂੰ ਉੱਤ੍ਰ ਦਿੱਤਾ- ਯਹੋਵਾਹ ਲਈ ਗਾਓ ਕਿਉਂ ਜੋ ਉਹ ਅੱਤ ਉੱਚਾ ਹੋਇਆ ਹੈ, ਘੋੜਾ ਅਰ ਉਸ ਦਾ ਅਸਵਰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤਾ।।
22 ਮੂਸਾ ਨੇ ਇਸਰਾਏਲ ਨੂੰ ਲਾਲ ਸਮੁੰਦਰ ਤੋਂ ਤੋਰ ਦਿੱਤਾ। ਓਹ ਸ਼ੂਰ ਦੀ ਉਜਾੜ ਨੂੰ ਨਿੱਕਲੇ ਅਤੇ ਤਿੰਨ ਦਿਨ ਉਜਾੜ ਵਿੱਚ ਦੀ ਤੁਰੇ ਗਏ ਪਰ ਉਨ੍ਹਾਂ ਨੂੰ ਪਾਣੀ ਨਾ ਲੱਭਾ
23 ਜਦ ਓਹ ਮਾਰਾਹ ਨੂੰ ਆਏ ਤਾਂ ਉਹ ਮਾਰਾਹ ਦਾ ਪਾਣੀ ਨਾ ਪੀ ਸੱਕੇ ਕਿਉਂ ਜੋ ਉਹ ਕੌੜਾ ਸੀ ਏਸ ਲਈ ਉਸ ਦਾ ਨਾਉਂ ਮਾਰਾਹ ਪੈ ਗਿਆ
24 ਉਪਰੰਤ ਪਰਜਾ ਮੂਸਾ ਦੇ ਵਿਰੁੱਧ ਬੁੜ ਬੁੜਾਉਣ ਲੱਗੀ ਕਿ ਅਸੀਂ ਕੀ ਪੀਈਏ?
25 ਤਾਂ ਉਸ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਤਾਂ ਯਹੋਵਾਹ ਨੇ ਉਸ ਨੂੰ ਇੱਕ ਬਿਰਛ ਵਿਖਾਲਿਆ। ਉਸ ਨੇ ਉਹ ਨੂੰ ਪਾਣੀ ਵਿੱਚ ਸੁੱਟਿਆ ਤਾਂ ਪਾਣੀ ਮਿੱਠਾ ਹੋ ਗਿਆ। ਉੱਥੇ ਉਸ ਨੇ ਉਨ੍ਹਾਂ ਲਈ ਇੱਕ ਬਿਧੀ ਅਤੇ ਕਨੂਨ ਠਹਿਰਾਇਆ ਅਤੇ ਉੱਥੇ ਉਸ ਨੇ ਉਨ੍ਹਾਂ ਨੂੰ ਪਰਖ ਲਿਆ
26 ਅਰ ਉਸ ਨੇ ਆਖਿਆ, ਜੇ ਤੁਸੀਂ ਰੀਝ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋਗੇ ਅਰ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ ਅਰ ਉਸ ਦੇ ਹੁਕਮਾਂ ਉੱਤੇ ਕੰਨ ਲਾਓਗੇ ਅਰ ਉਸ ਦੀਆਂ ਸਾਰੀਆਂ ਬਿਧੀਆਂ ਨੂੰ ਮੰਨੋਗੇ ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ ਕਿਉਂ ਜੋ ਮੈਂ ਯਹੋਵਾਹ ਤੁਹਾਨੂੰ ਨਿਰੋਇਆ ਕਰਨ ਵਾਲਾ ਹਾਂ
27 ਫੇਰ ਓਹ ਏਲਿਮ ਨੂੰ ਆਏ ਜਿੱਥੇ ਪਾਣੀ ਦੇ ਬਾਰਾਂ ਸੋਤੇ ਅਤੇ ਸੱਤ੍ਰ ਖਜ਼ੂਰ ਦੇ ਬਿਰਛ ਸਨ ਅਰ ਉਨ੍ਹਾਂ ਨੇ ਉੱਥੇ ਪਾਣੀ ਕੋਲ ਡੇਰੇ ਲਾਏ।

English

  • Versions

Tamil

  • Versions

Hebrew

  • Versions

Greek

  • Versions

Malayalam

  • Versions

Hindi

  • Versions

Telugu

  • Versions

Kannada

  • Versions

Gujarati

  • Versions

Punjabi

  • Versions

Urdu

  • Versions

Bengali

  • Versions

Oriya

  • Versions

Marathi

  • Versions
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×