2 Kings 17 (PAV) Punjabi Old BSI Version

1 ਯਹੂਦਾਹ ਦੇ ਪਾਤਸ਼ਾਹ ਆਹਾਜ਼ ਦੇ ਬਾਰ੍ਹਵੇਂ ਵਰਹੇ ਏਲਾਹ ਦਾ ਪੁੱਤ੍ਰ ਹੋਸ਼ੇਆ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਰ ਉਸ ਨੇ ਨੌਂ ਵਰਹੇ ਰਾਜ ਕੀਤਾ
2 ਅਤੇ ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਪਰ ਇਸਰਾਏਲ ਦਿਆਂ ਉਨ੍ਹਾਂ ਪਾਤਸ਼ਾਹਾਂ ਵਾਂਙੁ ਨਹੀਂ ਜੋ ਉਸ ਤੋਂ ਪਹਿਲਾਂ ਸਨ
3 ਅੱਸ਼ੂਰ ਦੇ ਪਾਤਸ਼ਾਹ ਸ਼ਲਮਨਸਰ ਨੇ ਉਸ ਦੇ ਉੱਤੇ ਚੜ੍ਹਾਈ ਕੀਤੀ। ਹੋਸ਼ੇਆ ਉਹ ਦਾ ਦਾਸ ਹੋ ਗਿਆ ਅਰ ਉਹ ਨੂੰ ਨਜ਼ਰ ਦਿੱਤੀ
4 ਤਦ ਅੱਸ਼ੂਰ ਦੇ ਪਾਤਸ਼ਾਹ ਨੇ ਹੋਸ਼ੇਆ ਦਾ ਚਾਲਾ ਬੁੱਝ ਲਿਆ ਕਿਉਂ ਜੋਂ ਉਸ ਨੇ ਮਿਸਰ ਦੇ ਪਾਤਸ਼ਾਹ ਦੇ ਕੋਲ ਦੂਤ ਘੱਲੇ ਸਨ ਅਰ ਅੱਸ਼ੂਰ ਦੇ ਪਾਤਸ਼ਾਹ ਕੋਲ ਉਹ ਨਜ਼ਰ ਲੈ ਕੇ ਨਾ ਗਿਆ ਜਿਹੜੀ ਉਹ ਸਾਲ ਦੇ ਸਾਲ ਲੈ ਜਾਂਦਾ ਹੁੰਦਾ ਸੀ।ਇਸ ਕਰਕੇ ਅੱਸ਼ੂਰ ਦੇ ਪਾਤਸ਼ਾਹ ਨੇ ਉਸ ਨੂੰ ਬੰਦ ਕਰ ਲਿਆ ਅਰ ਬੰਨ੍ਹ ਕੇ ਬੰਦੀ ਖਾਨੇ ਵਿੱਚ ਪਾ ਦਿੱਤਾ
5 ਤਾਂ ਅੱਸ਼ੂਰ ਦੇ ਪਾਤਸ਼ਾਹ ਨੇ ਸਾਰੇ ਦੇਸ ਉੱਤੇ ਚੜ੍ਹਾਈ ਕੀਤੀ ਅਰ ਸਾਮਰਿਯਾ ਉੱਤੇ ਚੜ੍ਹਾਈ ਕਰ ਕੇ ਤਿੰਨ ਵਰਹੇ ਉਹ ਨੂੰ ਘੇਰੀ ਰੱਖਿਆ
6 ਅਤੇ ਹੋਸ਼ੇਆ ਦੇ ਨੌਵੇਂ ਵਰਹੇ ਅੱਸ਼ੂਰ ਦੇ ਪਾਤਸ਼ਾਹ ਨੇ ਸਾਮਰਿਯਾ ਨੂੰ ਲੈ ਲਿਆ ਅਰ ਇਸਰਾਏਲ ਨੂੰ ਅਸੀਰ ਕਰਕੇ ਅੱਸ਼ੂਰ ਨੂੰ ਲੈ ਗਿਆ ਅਰ ਉਨ੍ਹਾਂ ਨੂੰ ਹਲਹ ਵਿੱਚ ਤੇ ਗੋਜ਼ਾਨ ਦੀ ਨਦੀ ਹਾਬੋਰ ਦੇ ਵਿੱਚ ਅਰ ਮਾਦੀਆਂ ਦੇ ਸ਼ਹਿਰਾਂ ਵਿੱਚ ਵਸਾ ਦਿੱਤਾ
7 ਏਹ ਦਾ ਕਾਰਨ ਇਹ ਸੀ ਕਿ ਇਸਰਾਏਲ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਜੋ ਉਨ੍ਹਾਂ ਨੂੰ ਮਿਸਰ ਦੇ ਦੇਸੋਂ ਅਰ ਮਿਸਰ ਦੇ ਪਾਤਸ਼ਾਹ ਫ਼ਿਰਊਨ ਦੇ ਹੱਥੋਂ ਕੱਢ ਕੇ ਲਿਆਇਆ ਸੀ ਪਾਪ ਕੀਤਾ ਅਰ ਪਰਾਏ ਦਿਓਤਿਆਂ ਦਾ ਭੈ ਮੰਨਿਆ
8 ਅਤੇ ਜਿਨ੍ਹਾਂ ਕੌਮਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਸਾਹਮਣਿਓਂ ਕੱਢ ਦਿੱਤਾ ਸੀ ਉਨ੍ਹਾਂ ਦੀਆਂ ਅਰ ਇਸਰਾਏਲ ਦੇ ਪਾਤਸ਼ਾਹਾਂ ਦੀਆਂ ਬਣਾਈਆਂ ਹੋਈਆਂ ਬਿਧੀਆਂ ਉੱਤੇ ਚੱਲਦੇ ਸਨ
9 ਅਤੇ ਇਸਰਾਲੇਈਆਂ ਨੇ ਗੁੱਝੇ ਗੁੱਝੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਓਹ ਕੰਮ ਕੀਤੇ ਜੋ ਚੰਗੇ ਨਹੀਂ ਸਨ ਅਤੇ ਉਨ੍ਹਾਂ ਨੇ ਪਹਿਰੇਦਾਰਾਂ ਦੇ ਗੁੱਮਟ ਤੋਂ ਲੈ ਕੇ ਗੜ੍ਹ ਵਾਲੇ ਸ਼ਹਿਰ ਤਾਈਂ ਆਪਣਿਆਂ ਸਾਰਿਆਂ ਸ਼ਹਿਰਾਂ ਵਿੱਚ ਉੱਚੇ ਥਾਂ ਬਣਾ ਲਏ
10 ਅਤੇ ਉਨ੍ਹਾਂ ਨੇ ਹਰ ਉੱਚੇ ਟਿੱਲੇ ਉੱਤੇ ਅਰ ਹਰੇਕ ਹਰੇ ਰੁੱਖ ਦੇ ਹੇਠਾਂ ਆਪਣੇ ਲਈ ਥੰਮ੍ਹ ਅਰ ਟੁੰਡ ਖੜੇ ਕਰ ਲਏ
11 ਅਤੇ ਉੱਥੇ ਸਾਰਿਆਂ ਉੱਚਿਆਂ ਥਾਵਾਂ ਦੇ ਉੱਤੇ ਓਹਨਾਂ ਕੌਮਾਂ ਵਾਂਙੁ ਜਿਨ੍ਹਾਂ ਨੂੰ ਯਹੋਵਾਹ ਨੇ ਉਨ੍ਹਾਂ ਦੇ ਸਾਹਮਣਿਓਂ ਕੱਢ ਦਿੱਤਾ ਸੀ ਧੂਪ ਧੁਖਾਈ ਅਤੇ ਯਹੋਵਾਹ ਦੇ ਕ੍ਰੋਧ ਨੂੰ ਭੜਕਾਉਣ ਲਈ ਓਹ ਕੰਮ ਕੀਤੇ ਜੋ ਭੈੜੇ ਸਨ
12 ਅਤੇ ਬੁੱਤਾਂ ਦੀ ਪੂਜਾ ਕੀਤੀ ਜਿਹ ਦੇ ਵਿਖੇ ਯਹੋਵਾਹ ਨੇ ਉਨ੍ਹਾਂ ਨੂੰ ਆਖਿਆ ਸੀ ਕਿ ਤੁਸੀਂ ਇਹ ਕੰਮ ਨਾ ਕਰਿਓ
13 ਅਤੇ ਯਹੋਵਾਹ ਸਾਰੇ ਨਬੀਆਂ ਅਰ ਸਾਰੇ ਗੈਬ ਬੀਨਾਂ ਦੇ ਰਾਹੀਂ ਇੱਹ ਕਹਿ ਕੇ ਇਸਰਾਏਲ ਤੇ ਯਹੂਦਾਹ ਨੂੰ ਚਿਤਾਰਦਾ ਰਿਹਾ ਭਈ ਆਪਣਿਆਂ ਭੈੜਿਆਂ ਰਾਹਾਂ ਤੋਂ ਮੁੜੋ ਅਤੇ ਉਸ ਸਾਰੀ ਬਿਵਸਥਾ ਦੇ ਅਨੁਸਾਰ ਜਿਸ ਦੀ ਆਗਿਆ ਮੈਂ ਤੁਹਾਡੇ ਪਿਉ ਦਾਦਿਆਂ ਨੂੰ ਦਿੱਤੀ ਅਰ ਜਿਹ ਨੂੰ ਮੈਂ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਤੁਹਾਡੇ ਕੋਲ ਘੱਲਿਆ ਮੇਰਿਆਂ ਹੁਕਮਾਂ ਤੇ ਬਿਧੀਆਂ ਨੂੰ ਮੰਨੋ
14 ਤਾਂ ਭੀ ਉਨ੍ਹਾਂ ਨੇ ਕੰਨ ਨਾ ਲਾਇਆ ਸੱਗੋਂ ਆਪਣੇ ਪਿਉ ਦਾਦਿਆਂ ਵਾਂਙੁ ਜਿਨ੍ਹਾਂ ਯਹੋਵਾਹ ਆਪਣੇ ਪਰਮੇਸ਼ੁਰ ਤੇ ਨਿਹਚਾ ਨਾ ਕੀਤੀ ਢੀਠ ਹੋ ਗਏ
15 ਪਰ ਉਹ ਦੀਆਂ ਬਿਧੀਆਂ ਨੂੰ ਅਤੇ ਉਹ ਦੇ ਉਸ ਨੇਮ ਨੂੰ ਜੋ ਉਸ ਨੇ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਬੱਧਾ ਸੀ ਅਤੇ ਉਹ ਦੀਆਂ ਸਾਖੀਆਂ ਨੂੰ ਜੋ ਉਸ ਨੇ ਉਨ੍ਹਾਂ ਨੂੰ ਸਮ੍ਹਾਲੀਆਂ ਸਨ ਉਨ੍ਹਾਂ ਨੇ ਰੱਦਿਆ ਅਰ ਨਿਕੰਮੀਆ ਵਸਤੂਆਂ ਦੇ ਪਿੱਛੇ ਲੱਗ ਕੇ ਨਿਕੰਮੇ ਹੋ ਗਏ ਅਰ ਆਪਣੇ ਆਲੇ ਦੁਆਲੇ ਦੀਆਂ ਕੌਮਾਂ ਦੇ ਪਿੱਛੇ ਲੱਗ ਗਏ ਜਿਨ੍ਹਾਂ ਦੇ ਵਿਖੇ ਯਹੋਵਾਹ ਨੇ ਉਨ੍ਹਾਂ ਨੂੰ ਪੱਕੀ ਕੀਤੀ ਸੀ ਭਈ ਉਨ੍ਹਾਂ ਵਾਂਙੁ ਕੰਮ ਨਾ ਕਰਨ
16 ਪਰ ਉਨ੍ਹਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦਿਆਂ ਸਾਰਿਆਂ ਹੁਕਮਾਂ ਨੂੰ ਤੱਜ ਕੇ ਆਪਣੇ ਲਈ ਢਾਲੀਆਂ ਹੋਈਆਂ ਮੂਰਤਾਂ ਅਰਥਾਤ ਦੋ ਵੱਛੇ ਬਣਾਏ ਅਰ ਇੱਕ ਟੁੰਡ ਤਿਆਰ ਕੀਤਾ ਅਤੇ ਅਕਾਸ਼ ਦੀ ਸਾਰੀ ਸੈਨਾ ਨੂੰ ਮੱਥਾ ਟੇਕਿਆ ਅਤੇ ਬਆਲ ਦੀ ਪੂਜਾ ਕੀਤੀ
17 ਅਤੇ ਆਪਣੇ ਪੁੱਤ੍ਰਾਂ ਅਰ ਆਪਣੀਆਂ ਧੀਆਂ ਨੂੰ ਅੱਗ ਵਿੱਚ ਦੀ ਲੰਘਾਇਆ ਅਤੇ ਪੁੱਛ ਪੁਆਉਣ ਤੋਂ ਤੇ ਜਾਦੂਗਰੀ ਤੋਂ ਕੰਮ ਲਿਆ ਅਰ ਆਪਣੇ ਆਪ ਉਨ੍ਹਾਂ ਕੰਮਾਂ ਲਈ ਵਿਕ ਗਏ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰੇ ਸਨ ਅਤੇ ਉਹ ਦੇ ਕ੍ਰੋਧ ਨੂੰ ਭੜਕਾਇਆ
18 ਸੋ ਯਹੋਵਾਹ ਇਸਰਾਏਲ ਉੱਤੇ ਅੱਤ ਕ੍ਰੋਧਵਾਨ ਹੋਇਆ ਅਤੇ ਉਨ੍ਹਾਂ ਨੂੰ ਆਪਣੇ ਅੱਗਿਓਂ ਦੂਰ ਕਰ ਦਿੱਤਾ। ਯਹੂਦਾਹ ਦੇ ਗੋਤ ਤੋਂ ਬਿਨਾ ਕੋਈ ਨਾ ਛੁੱਟਿਆ
19 ਯਹੂਦਾਹ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਮੰਨਿਆ ਪਰ ਓਹ ਓਹਨਾਂ ਬਿਧੀਆਂ ਤੇ ਚੱਲਦੇ ਰਹੇ ਜੋ ਇਸਰਾਏਲ ਨੇ ਬਣਾਈਆਂ ਸਨ
20 ਇਸ ਲਈ ਯਹੋਵਾਹ ਨੇ ਇਸਰਾਏਲ ਦੀ ਸਾਰੀ ਵੰਸ ਨੂੰ ਰੱਦਿਆ ਅਰ ਉਨ੍ਹਾਂ ਨੂੰ ਨੀਵਿਆਂ ਕੀਤਾ ਅਰ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਕੇ ਅੰਤ ਨੂੰ ਆਪਣੇ ਅੱਗਿਓਂ ਉਨ੍ਹਾਂ ਨੂੰ ਦੂਰ ਕਰ ਛੱਡਿਆ
21 ਕਿਉਂ ਜੋ ਉਸ ਇਸਰਾਏਲ ਨੂੰ ਦਾਊਦ ਦੇ ਘਰਾਣੇ ਤੋਂ ਵੱਖਰਾ ਕਰ ਦਿੱਤਾ ਅਰ ਉਨ੍ਹਾਂ ਨੇ ਨਬਾਟ ਦੇ ਪੁੱਤ੍ਰ ਯਾਰਾਬੁਆਮ ਨੂੰ ਪਾਤਸ਼ਾਹ ਬਣਾ ਲਿਆ ਅਤੇ ਯਾਰਾਬੁਆਮ ਨੇ ਇਸਰਾਏਲ ਨੂੰ ਯਹੋਵਾਹ ਦੇ ਪਿੱਛੇ ਤੁਰਨੋਂ ਹਟਾ ਕੇ ਉਨ੍ਹਾਂ ਤੋਂ ਵੱਡਾ ਪਾਪ ਕਰਾਇਆ
22 ਅਤੇ ਇਸਰਾਏਲੀ ਓਹਨਾਂ ਸਾਰਿਆਂ ਪਾਪਾਂ ਵਿੱਚ ਤੁਰਦੇ ਰਹੇ ਜੋ ਯਾਰਾਬੁਆਮ ਨੇ ਕੀਤੇ ਸਨ ਅਰ ਉਨ੍ਹਾਂ ਨੇ ਓਹਨਾਂ ਨੂੰ ਨਾ ਤੱਜਿਆ
23 ਐਥੋਂ ਤਾਈਂ ਭਈ ਯਹੋਵਾਹ ਨੇ ਇਸਰਾਏਲ ਨੂੰ ਆਪਣੇ ਅੱਗਿਓਂ ਹਟਾ ਦਿੱਤਾ ਜਿਵੇਂ ਉਸ ਨੇ ਆਪਣੇ ਸਾਰੇ ਦਾਸਾਂ ਨਬੀਆਂ ਦੇ ਰਾਹੀਂ ਆਖਿਆ ਸੀ। ਸੋ ਇਸਰਾਏਲ ਆਪਣੀ ਧਰਤੀ ਤੋਂ ਕੱਢ ਕੇ ਅੱਸ਼ੂਰ ਵਿੱਚ ਪੁਚਾਇਆ ਗਿਆ ਜਿੱਥੇ ਉਹ ਅੱਜ ਦੇ ਦਿਨ ਤਾਈਂ ਹੈਂ।।
24 ਅੱਸ਼ੂਰ ਦੇ ਪਾਤਸ਼ਾਹ ਨੇ ਬਾਬਲ ਅਰ ਕੂਥਾਹ ਅਰ ਅੱਵਾ ਅਰ ਹਮਾਥ ਅਰ ਸਫਰਵਇਮ ਦਿਆਂ ਲੋਕਾਂ ਨੂੰ ਲਿਆ ਕੇ ਸਾਮਰਿਯਾ ਵਿੱਚ ਇਸਰਾਏਲੀਆਂ ਦੇ ਥਾਂ ਵਸਾਇਆ। ਸੋ ਉਨ੍ਹਾਂ ਨੇ ਸਾਮਰਿਯਾ ਨੂੰ ਮੱਲ ਲਿਆ ਤੇ ਉਹ ਦਿਆਂ ਸ਼ਹਿਰਾਂ ਵਿੱਚ ਵੱਸ ਗਏ
25 ਤਾ ਐਉਂ ਹੋਇਆ ਭਈ ਜਦ ਓਹ ਪਹਿਲੇ ਪਹਿਲੇ ਉੱਥੇ ਵੱਸੇ ਤਾਂ ਓਹ ਯਹੋਵਾਹ ਦਾ ਭੈ ਨਹੀਂ ਮੰਨਦੇ ਸਨ। ਇਸ ਲਈ ਯਹੋਵਾਹ ਨੇ ਉਨ੍ਹਾਂ ਵਿੱਚ ਸ਼ੀਂਹ ਘੱਲੇ ਜਿਨ੍ਹਾਂ ਨੇ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰਿਆ
26 ਇਸ ਲਈ ਉਨ੍ਹਾਂ ਨੇ ਅੱਸ਼ੂਰ ਦੇ ਪਾਤਸ਼ਾਹ ਨੂੰ ਇਹ ਆਖਿਆ ਕਿ ਜਿਨ੍ਹਾਂ ਕੌਮਾਂ ਨੂੰ ਤੁਸੀਂ ਲੈ ਜਾ ਕੇ ਸਾਮਰਿਯਾ ਵਿੱਚ ਵਸਾਇਆ ਹੈ ਓਹ ਉਸ ਦੇਸ ਦੇ ਪਰਮੇਸ਼ੁਰ ਦੀ ਰੀਤ ਨੂੰ ਨਹੀਂ ਜਾਣਦੀਆਂ ਇਸ ਲਈ ਉਹ ਨੇ ਉਨ੍ਹਾਂ ਦੇ ਵਿੱਚ ਸ਼ੀਂਹ ਘੱਲੇ ਹਨ ਅਰ ਵੇਖੋ ਓਹ ਉਨ੍ਹਾਂ ਨੂੰ ਪਾੜਦੇ ਹਨ ਕਿਉਂ ਜੋ ਉਸ ਦੇਸ ਦੇ ਦੇਵਤੇ ਦੀ ਰੀਤ ਨੂੰ ਨਹੀਂ ਜਾਣਦੇ
27 ਤਦ ਅੱਸ਼ੂਰ ਦੇ ਪਾਤਸ਼ਾਹ ਨੇ ਆਗਿਆ ਦਿੱਤੀ ਕਿ ਜਿਨ੍ਹਾਂ ਜਾਜਕਾਂ ਨੂੰ ਤੁਸੀਂ ਉੱਥੋਂ ਅਸੀਰ ਕਰ ਕੇ ਲੈ ਆਏ ਹੋ ਓਹਨਾਂ ਵਿੱਚੋਂ ਇੱਕ ਨੂੰ ਉੱਥੋਂ ਲੈ ਜਾਓ ਭਈ ਉਹ ਉੱਥੇ ਜਾ ਕੇ ਵੱਸੇ ਅਰ ਉਨ੍ਹਾਂ ਨੂੰ ਉਸ ਦੇਸ ਦੇ ਦੇਵਤੇ ਦੀ ਰੀਤ ਸਿਖਾਉਣ
28 ਤਦ ਓਹਨਾਂ ਜਾਜਕਾਂ ਵਿੱਚੋਂ ਜਿਨ੍ਹਾਂ ਨੂੰ ਓਹ ਸਾਮਰਿਯਾ ਵਿੱਚ ਅਸੀਰ ਕਰ ਕੇ ਲਿਆਏ ਸਨ ਇੱਕ ਜਣਾ ਕੇ ਬੈਤਏਲ ਵਿੱਚ ਰਹਿਣ ਲੱਗਾ ਅਰ ਉਹ ਉਨ੍ਹਾਂ ਨੂੰ ਸਿਖਾਉਣ ਲੱਗ ਪਿਆ ਭਈ ਉਨ੍ਹਾਂ ਨੂੰ ਕਿਵੇਂ ਯਹੋਵਾਹ ਦਾ ਭੈ ਮੰਨਣਾ ਚਾਹੀਦਾ ਹੈ
29 ਤਾਂ ਭੀ ਸਾਰੀਆਂ ਕੌਮਾਂ ਨੇ ਵੱਖੋ ਵੱਖ ਆਪਣੇ ਦਿਓਤੇ ਬਣਾਏ ਅਤੇ ਉਨ੍ਹਾਂ ਸ਼ਹਿਰਾਂ ਵਿੱਚ ਜਿੱਥੇ ਵੱਸ ਗਏ ਸਨ ਹਰ ਕੌਮ ਨੇ ਸਾਮਰਿਯਾ ਦਿਆਂ ਬਣਾਈਆਂ ਹੋਇਆਂ ਉੱਚਿਆਂ ਥਾਵਾਂ ਦੇ ਮੰਦਰਾਂ ਵਿੱਚ ਉਨ੍ਹਾਂ ਨੂੰ ਰੱਖ ਦਿੱਤਾ
30 ਸੋ ਬਾਬਲ ਦਿਆਂ ਮਨੁੱਖਾਂ ਨੇ ਸੁੱਕੋਥ ਬਨੋਥ ਨੂੰ ਬਣਾਇਆ ਅਰ ਕੂਥ ਦਿਆਂ ਮਨੁੱਖਾਂ ਨੇ ਨੇਰਗਾਲ ਨੂੰ ਬਣਾਇਆ ਅਤੇ ਹਮਾਥ ਦਿਆਂ ਮਨੁੱਖਾਂ ਨੇ ਅਸ਼ੀਮਾ ਨੂੰ ਬਣਾਇਆ
31 ਅਤੇ ਅੱਵੀਆਂ ਨੇ ਨਿਬਹਜ਼ ਅਰ ਤਰਤਾਕ ਨੂੰ ਬਣਾਇਆ ਅਰ ਸਫਰਵੀਆਂ ਨੇ ਆਪਣੇ ਪੁੱਤ੍ਰਾਂ ਨੂੰ ਅੱਦਰਮਲਕ ਅਰ ਅਨਮਲਕ ਦੇ ਲਈ ਜੋ ਸਫਰਵਇਮ ਦੇ ਦਿਓਤੇ ਸਨ ਅੱਗ ਵਿੱਚ ਸਾੜਦੇ ਹੁੰਦੇ ਸਨ
32 ਇਸ ਤਰਾਂ ਓਹ ਯਹੋਵਾਹ ਦਾ ਭੈ ਮੰਨਣ ਵਾਲੇ ਤਾਂ ਹੋ ਗਏ ਪਰ ਨਾਲ ਹੀ ਆਪਣੇ ਲਈ ਉੱਚਿਆਂ ਥਾਵਾਂ ਦੇ ਜਾਜਕ ਭੀ ਆਪਣੇ ਵਿੱਚੋਂ ਬਣਾ ਲਏ ਜੋ ਉਨ੍ਹਾਂ ਦੇ ਲਈ ਉੱਚਿਆਂ ਥਾਵਾਂ ਦੇ ਮੰਦਰਾਂ ਵਿੱਚ ਭੇਟਾਂ ਚੜ੍ਹਾਉਂਦੇ ਹੁੰਦੇ ਸਨ
33 ਓਹ ਯਹੋਵਾਹ ਦਾ ਭੈ ਮੰਨਦੇ ਸਨ ਪਰ ਨਾਲ ਹੀ ਉਨ੍ਹਾਂ ਕੌਮਾ ਦੀ ਰੀਤ ਅਨੁਸਾਰ ਜਿਨ੍ਹਾਂ ਵਿੱਚੋਂ ਓਹ ਕੱਢ ਕੇ ਲਿਆਂਦੇ ਗਏ ਸਨ ਆਪਣੇ ਦਿਓਤਿਆਂ ਦੀ ਪੂਜਾ ਵੀ ਕਰਦੇ ਹੁੰਦੇ ਸਨ
34 ਅੱਜ ਦੇ ਦਿਨ ਤਾਈਂ ਓਹ ਪਹਿਲੀਆਂ ਰੀਤਾਂ ਦੇ ਅਨੁਸਾਰ ਕਰਦੇ ਹਨ। ਓਹ ਯਹੋਵਾਹ ਦਾ ਭੈ ਨਹੀਂ ਮੰਨਦੇ ਨਾ ਓਹ ਓਹਨਾਂ ਦੀਆਂ ਬਿਧੀਆਂ ਯਾ ਰੀਤਾਂ ਅਨੁਸਾਰ ਕਰਦੇ ਹਨ ਅਤੇ ਨਾ ਉਸ ਬਿਵਸਥਾ ਅਰ ਹੁਕਮ ਅਨੁਸਾਰ ਜਿਹ ਦਾ ਹੁਕਮ ਯਹੋਵਾਹ ਨੇ ਯਾਕੂਬ ਦੀ ਸੰਤਾਨ ਨੂੰ ਦਿੱਤਾ ਜਿਹ ਦਾ ਨਾਉਂ ਉਹ ਨੇ ਇਸਰਾਏਲ ਰੱਖਿਆ ਸੀ
35 ਜਿਨ੍ਹਾਂ ਨਾਲ ਯਹੋਵਾਹ ਨੇ ਨੇਮ ਬੱਧਾ ਅਰ ਇਹ ਹੁਕਮ ਕੀਤਾ ਭਈ ਤੁਸੀਂ ਪਰਾਇਆਂ ਦਿਓਤਿਆਂ ਦਾ ਭੈ ਨਾ ਮੰਨਿਓ, ਨਾ ਉਨ੍ਹਾਂ ਅੱਗੇ ਮੱਥਾ ਟੇਕਿਓ, ਨਾ ਉਨ੍ਹਾਂ ਦੀ ਪੂਜਾ ਕਰਿਓ ਤੇ ਨਾ ਓਨ੍ਹਾਂ ਅੱਗੇ ਬਲੀ ਚੜ੍ਹਾਇਓ
36 ਪਰ ਯਹੋਵਾਹ ਜੋ ਵੱਡੇ ਬਲ ਅਰ ਪਸਾਰੀ ਹੋਈ ਬਾਂਹ ਨਾਲ ਤੁਹਾਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਲਿਆਇਆ ਕੇਵਲ ਉੱਸੇ ਦਾ ਭੈ ਮੰਨੋ ਅਰ ਉੱਸੇ ਨੂੰ ਤੁਸੀਂ ਮੱਥਾ ਟੇਕੋ ਅਤੇ ਉਸੇ ਦੇ ਅੱਗੇ ਤੁਸੀਂ ਬਲੀ ਚੜ੍ਹਾਇਓ
37 ਅਤੇ ਜੋ ਬਿਧੀਆਂ ਅਰ ਆਗਿਆਵਾਂ ਅਰ ਬਿਵਸਥਾ ਅਰ ਹੁਕਮਾਨਾ ਉਸ ਨੇ ਤੁਹਾਡੇ ਲਈ ਲਿਖੇ ਉਨ੍ਹਾਂ ਨੂੰ ਸਦਾ ਪੱਕਾ ਕਰ ਕੇ ਮੰਨਿਓ ਅਰ ਪਰਾਏ ਦਿਓਤਿਆਂ ਦਾ ਭੈ ਨਾ ਮੰਨਿਓ
38 ਜਿਹੜਾ ਨੇਮ ਮੈਂ ਤੁਹਾਡੇ ਨਾਲ ਬੰਨ੍ਹਿਆ ਹੈ ਤੁਸੀਂ ਨਾ ਭੁੱਲਣਾ ਨਾ ਪਰਾਏ ਦਿਓਤਿਆਂ ਦਾ ਭੈ ਤੁਸੀਂ ਮੰਨਣਾ
39 ਪਰ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਮੰਨਿਓ ਤਦ ਉਹ ਤੁਹਾਨੂੰ ਤੁਹਾਡੇ ਸਾਰੇ ਵੈਰੀਆਂ ਦੇ ਹੱਥੋਂ ਛੁਡਾਵੇਗਾ
40 ਪਰ ਉਨ੍ਹਾਂ ਨੇ ਨਾ ਸੁਣਿਆ ਸਗੋਂ ਆਪਣੀ ਪਹਿਲੀ ਰੀਤ ਅਨੁਸਾਰ ਕਰਦੇ ਰਹੇ
41 ਇਸ ਤਰਾਂ ਉਹ ਕੌਮਾਂ ਯਹੋਵਾਹ ਦਾ ਭੈ ਵੀ ਮੰਨਦੀਆਂ ਸਨ ਤੇ ਨਾਲੇ ਆਪਣੀਆਂ ਘੜੀਆਂ ਹੋਈਆਂ ਮੂਰਤਾਂ ਦੀ ਪੂਜਾ ਵੀ ਕਰਦੀਆਂ ਸਨ ਅਤੇ ਜਿਵੇਂ ਪਿਉ ਦਾਦੇ ਭੇਟਾਂ ਚੜ੍ਹਾਉਂਦੇ ਸਨ ਓਵੇਂ ਉਨ੍ਹਾਂ ਦੇ ਪੁੱਤ੍ਰ ਪੋਤੇ ਭੀ ਅੱਜ ਦੇ ਦਿਨ ਤਾਈਂ ਚੜ੍ਹਾਉਂਦੇ ਹਨ।।

English

  • Versions

Tamil

  • Versions

Hebrew

  • Versions

Greek

  • Versions

Malayalam

  • Versions

Hindi

  • Versions

Telugu

  • Versions

Kannada

  • Versions

Gujarati

  • Versions

Punjabi

  • Versions

Urdu

  • Versions

Bengali

  • Versions

Oriya

  • Versions

Marathi

  • Versions
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×