Bible Language Cross References for the verse John 17:0 in PAV
- 1 ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ ਹੈॽ ਅਤੇ ਮੇਰੇ ਬਚਾਉਣ ਤੋਂ ਅਤੇ ਮੇਰੀਆਂ ਭੁੱਬਾ ਦਿਆਂ ਸ਼ਬਦਾਂ ਤੋਂ ਕਿਉਂ ਦੂਰ ਰਹਿੰਦਾ ਹੈਂॽ
- 2 ਹੇ ਮੇਰੇ ਪਰਮੇਸ਼ੁਰ, ਮੈਂ ਦਿਨ ਨੂੰ ਪੁਕਾਰਦਾ ਹਾਂ ਪਰ ਤੂੰ ਉੱਤਰ ਨਹੀਂ ਦਿੰਦਾ, ਅਤੇ ਰਾਤ ਨੂੰ ਵੀ ਪਰ ਮੈਨੂੰ ਚੈਨ ਨਹੀਂ।
- 3 ਤੂੰ ਤਾਂ ਪਵਿੱਤਰ ਹੈਂ, ਤੂੰ ਜੋ ਇਸਰਾਏਲ ਦੀਆਂ ਉਸਤਤਾਂ ਵਿੱਚ ਵੱਸਦਾ ਹੈਂ।
- 4 ਸਾਡੇ ਪਿਉ ਦਾਦਿਆਂ ਨੇ ਤੇਰੇ ਉੱਤੇ ਭਰੋਸਾ ਕੀਤਾ, ਉਨ੍ਹਾਂ ਨੇ ਭਰੋਸਾ ਕੀਤਾ ਅਤੇ ਤੈਂ ਉਨ੍ਹਾਂ ਨੂੰ ਛੁਡਾਇਆ।
- 5 ਉਨ੍ਹਾਂ ਨੇ ਤੇਰੀ ਦੁਹਾਈ ਦਿੱਤੀ ਅਤੇ ਛੁਟਕਾਰਾ ਪਾਇਆ, ਉਨ੍ਹਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਓਹ ਸ਼ਰਮਿੰਦੇ ਨਾ ਹੋਏ।।
- 6 ਪਰ ਮੈਂ ਕੀੜਾ ਹਾਂ, ਮੈਂ ਮਨੁੱਖ ਨਹੀਂ ਹਾਂ, ਆਦਮੀ ਦੀ ਨਮੋਸ਼ੀ ਅਤੇ ਲੋਕਾਂ ਵਿੱਚ ਤੁੱਛ ਹਾਂ।
- 7 ਜਿੰਨੇ ਮੈਨੂੰ ਵੇਖਦੇ ਹਨ ਓਹ ਮੈਨੂੰ ਮਖੌਲ ਵਿੱਚ ਉਡਾਉਂਦੇ ਹਨ, ਓਹ ਬੁੱਲ੍ਹ ਪਸਾਰਦੇ ਅਤੇ ਸਿਰ ਹਿਲਾਉਂਦੇ ਹਨ, -
- 8 ਯਹੋਵਾਹ ਗੋਚਰਾ ਹੋ ਜਾ, ਉਹੋ ਉਸ ਨੂੰ ਛੁਡਾਵੇ, ਉਹੋ ਉਸ ਨੂੰ ਬਚਾਵੇ ਕਿਉਂ ਜੋ ਉਹ ਉਸ ਤੋਂ ਪਰਸੰਨ ਹੈ।।
- 9 ਪਰ ਤੂੰ ਹੀ ਮੈਨੂੰ ਕੁੱਖੋਂ ਬਾਹਰ ਲਿਆਇਆ, ਅਤੇ ਮੇਰੀ ਮਾਤਾ ਦੀਆਂ ਦੁੱਧੀਆਂ ਉੱਤੇ ਮੈਨੂੰ ਭਰੋਸਾ ਦਿਲਾਇਆ,
- 10 ਜੰਮਦਿਆਂ ਸਾਰ ਮੈਂ ਤੇਰੇ ਹੀ ਉੱਤੇ ਸੁੱਟਿਆ ਗਿਆ, ਮਾਤਾ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ੁਰ ਹੈਂ।
- 11 ਮੈਥੋਂ ਦੂਰ ਨਾ ਰਹੁ ਕਿਉਂ ਜੋ ਬਿਪਤਾ ਆਨ ਢੁੱਕੀ ਹੈ, ਅਤੇ ਕੋਈ ਸਹਾਇਕ ਨਹੀਂ।
- 12 ਬਹੁਤੇ ਸਾਹਨਾਂ ਨੇ ਮੈਨੂੰ ਘੇਰ ਲਿਆ ਹੈ, ਬਾਸ਼ਾਨ ਦੇ ਬਲਵੰਤ ਬਲਦਾਂ ਨੇ ਮੈਨੂੰ ਵਲ ਲਿਆ ਹੈ,
- 13 ਓਹ ਪਾੜਨ ਅਰ ਗੱਜਣ ਵਾਲੇ ਬਬਰ ਸ਼ੇਰ ਵਾਂਙੁ ਮੇਰੇ ਉੱਤੇ ਮੂੰਹ ਟੱਡਦੇ ਹਨ।
- 14 ਮੈਂ ਪਾਣੀ ਵਾਂਙੁ ਡੋਹਲਿਆਂ ਗਿਆਂ ਹਾਂ, ਮੇਰੀਆਂ ਸਾਰੀਆਂ ਹੱਡੀਆਂ ਉੱਖੜ ਗਈਆਂ ਹਨ, ਮੇਰਾ ਦਿਲ ਮੋਮ ਵਰਗਾ ਹੈ, ਉਹ ਮੇਰੇ ਅੰਦਰ ਪੰਘਰ ਗਿਆ ਹੈ।
- 15 ਮੇਰੀ ਸ਼ਕਤੀ ਠੀਕਰੇ ਵਾਂਙੁ ਸੁੱਕ ਗਈ, ਅਤੇ ਮੇਰੀ ਜੀਭ ਤਾਲੂ ਨਾਲ ਲੱਗਦੀ ਜਾਂਦੀ ਹੈ, ਅਤੇ ਤੂੰ ਮੈਨੂੰ ਮੌਤ ਦੀ ਧੂੜ ਵਿੱਚ ਧਰ ਛੱਡਿਆ।
- 16 ਕਿਉਂ ਜੋ ਕੁੱਤਿਆਂ ਨੇ ਮੈਨੂੰ ਘੇਰ ਲਿਆ ਹੈ, ਕੁਕਰਮੀਆਂ ਦੀ ਟੋਲੀ ਨੇ ਮੈਨੂੰ ਘੇਰਾ ਪਾ ਲਿਆ ਹੈ, ਉਨ੍ਹਾਂ ਨੇ ਮੇਰੇ ਹੱਥ ਪੈਰ ਵਿੰਨ੍ਹ ਸੁੱਟੇ ਹਨ,
- 17 ਮੈਂ ਆਪਣੀਆਂ ਸਾਰੀਆਂ ਹੱਡੀਆਂ ਗਿਣ ਸੱਕਦਾ ਹਾਂ, ਓਹ ਮੈਨੂੰ ਘੂਰ ਘੂਰ ਵੇਖਦੇ ਹਨ।
- 18 ਓਹ ਮੇਰੇ ਕੱਪੜੇ ਆਪੋ ਵਿੱਚ ਵੰਡ ਲੈਂਦੇ ਹਨ, ਅਤੇ ਮੇਰੇ ਲਿਬਾਸ ਤੇ ਗੁਣਾ ਪਾਉਂਦੇ ਹਨ।
- 19 ਪਰ ਤੂੰ ਯਹੋਵਾਹ, ਦੂਰ ਨਾ ਰਹੁ, ਹੇ ਮੇਰੇ ਬਲ, ਮੇਰੀ ਸਹਾਇਤਾ ਲਈ ਛੇਤੀ ਕਰ,
- 20 ਮੇਰੀ ਜਾਨ ਨੂੰ ਤਲਵਾਰ ਤੋਂ, ਅਤੇ ਮੇਰੇ ਜੀਵ ਨੂੰ ਕੁੱਤੇ ਦੇ ਵੱਸ ਤੋਂ ਛੁਡਾ।
- 21 ਬਬਰ ਸ਼ੇਰ ਦੇ ਮੂੰਹ ਤੋਂ ਮੈਨੂੰ ਬਚਾ, ਅਤੇ ਜੰਗਲੀ ਸਾਹਨਾਂ ਦੇ ਸਿੰਙਾਂ ਤੋਂ, - ਤੈਂ ਮੈਨੂੰ ਉੱਤਰ ਦਿੱਤਾ ਹੈ।।
- 22 ਮੈਂ ਆਪਣਿਆਂ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ, ਅਤੇ ਸਭਾ ਵਿੱਚ ਤੇਰੀ ਉਸਤਤ ਕਰਾਂਗਾ।
- 23 ਯਹੋਵਾਹ ਤੋਂ ਡਰ ਵਾਲਿਓ, ਉਹ ਦੀ ਉਸਤਤ ਕਰੋ, ਯਾਕੂਬ ਦਾ ਸਾਰਾ ਵੰਸ, ਉਹ ਦੀ ਮਹਿਮਾ ਕਰੋ, ਅਤੇ ਇਸਰਾਏਲ ਦਾ ਸਾਰਾ ਵੰਸ, ਉਸ ਤੋਂ ਡਰੋ,
- 24 ਕਿਉਂ ਜੋ ਉਹ ਨੇ ਦੁਖੀਏ ਦੇ ਦੁਖ ਨੂੰ ਤੁੱਛ ਨਾ ਜਾਣਿਆ ਨਾ ਉਸ ਤੋਂ ਘਿਣ ਕੀਤੀ, ਅਤੇ ਨਾ ਉਸ ਤੋਂ ਆਪਣਾ ਮੂੰਹ ਛਿਪਾਇਆ, ਸਗੋਂ ਜਦ ਉਸ ਨੇ ਉਹ ਦੀ ਦੁਹਾਈ ਦਿੱਤੀ ਤਾਂ ਉਹ ਨੇ ਸੁਣਿਆ।
- 25 ਮਹਾਂ ਸਭਾ ਵਿੱਚ ਮੇਰਾ ਉਸਤਤ ਕਰਨਾ ਤੇਰੀ ਵੱਲੋਂ ਹੁੰਦਾ ਹੈ, ਉਸ ਤੋਂ ਡਰਨ ਵਾਲਿਆਂ ਅੱਗੇ ਮੈਂ ਆਪਣੀਆਂ ਸੁੱਖਣਾਂ ਪੂਰੀਆਂ ਕਰਾਂਗਾ।
- 26 ਅਧੀਨ ਖਾਣਗੇ ਅਤੇ ਤ੍ਰਿਪਤ ਹੋਣਗੇ, ਯਹੋਵਾਹ ਦੇ ਤਾਲਿਬ ਉਸ ਦੀ ਉਸਤਤ ਕਰਨਗੇ, ਤੁਹਾਡਾ ਮਨ ਸਦਾ ਜੀਉਂਦਾ ਰਹੇ!
- 27 ਧਰਤੀ ਦੀਆਂ ਸਾਰੀਆਂ ਕੂੰਟਾਂ ਚੇਤੇ ਕਰ ਕੇ ਯਹੋਵਾਹ ਵੱਲ ਫਿਰਨਗੀਆਂ, ਅਤੇ ਕੌਮਾਂ ਦੇ ਸਾਰੇ ਘਰਾਣੇ ਤੇਰੇ ਅੱਗੇ ਮੱਥਾ ਟੇਕਣਗੇ,
- 28 ਕਿਉਂ ਜੋ ਰਾਜ ਯਹੋਵਾਹ ਦਾ ਹੈ, ਅਤੇ ਕੌਮਾਂ ਉੱਤੇ ਉਹੋ ਹਾਕਮ ਹੈ।
- 29 ਧਰਤੀ ਦੇ ਸਾਰੇ ਮੋਟੇ ਲੋਕ ਖਾਣਗੇ ਅਤੇ ਉਹ ਨੂੰ ਮੱਥਾ ਟੇਕਣਗੇ, ਓਹ ਸੱਭੇ ਜੋ ਖ਼ਾਕ ਵਿੱਚ ਉਤਰਦੇ ਹਨ ਉਹ ਦੇ ਅੱਗੇ ਝੁਕਣਗੇ, ਅਤੇ ਕੋਈ ਆਪਣੀ ਜਾਨ ਜੀਉਂਦੀ ਨਹੀਂ ਰੱਖ ਸੱਕਦਾ।
- 30 ਇੱਕ ਵੰਸ ਉਹ ਦੀ ਸੇਵਾ ਕਰੇਗਾ, ਉਹ ਪ੍ਰਭੁ ਦੀ ਪੀੜ੍ਹੀ ਕਰਕੇ ਗਿਣਿਆ ਜਾਵੇਗਾ।
- 31 ਉਹ ਆਉਣਗੇ ਅਤੇ ਉਹ ਦਾ ਧਰਮ ਜਨਮ ਲੈਣ ਵਾਲੀ ਪਰਜਾ ਨੂੰ ਦੱਸਣਗੇ, ਭਈ ਉਹ ਨੇ ਹੀ ਇਹ ਕੀਤਾ ਹੈ।।
- 1 ਸ਼ਰਾ ਜਿਹੜੀ ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ ਹੀ ਹੈ ਪਰ ਉਨ੍ਹਾਂ ਵਸਤਾਂ ਦਾ ਅਸਲੀ ਸਰੂਪ ਨਹੀਂ, ਕੋਲ ਆਉਣ ਵਾਲਿਆਂ ਨੂੰ ਜਿਹੜੇ ਵਰਹੇ ਦੇ ਵਰਹੇ ਸਦਾ ਇੱਕੋ ਪਰਕਾਰ ਦੇ ਬਲੀਦਾਨ ਚੜ੍ਹਾਉਂਦੇ ਹਨ ਕਦੇ ਕਾਮਿਲ ਨਹੀਂ ਕਰ ਸੱਕਦੀ ਹੈ
- 2 ਨਹੀਂ ਤਾਂ, ਕੀ ਉਨ੍ਹਾਂ ਦਾ ਚੜ੍ਹਾਉਣਾ ਬੰਦ ਨਾ ਹੋ ਜਾਂਦਾ ਇਸ ਕਾਰਨ ਕਿ ਜੇ ਓਹ ਇੱਕ ਵਾਰੀ ਸ਼ੁੱਧ ਹੋ ਜਾਂਦੇ ਤਾਂ ਓਹਨਾਂ ਨੂੰ ਪਾਪਾਂ ਦਾ ਖਿਆਲ ਹੀ ਨਾ ਹੁੰਦਾॽ
- 3 ਪਰ ਇਨ੍ਹਾਂ ਬਲੀਦਾਨਾਂ ਤੋਂ ਵਰਹੇ ਦੇ ਵਰਹੇ ਪਾਪ ਚੇਤੇ ਆਉਂਦੇ ਹਨ
- 4 ਕਿਉਂ ਜੋ ਅਣਹੋਣਾ ਹੈ ਭਈ ਵਹਿੜਕਿਆਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ
- 5 ਇਸ ਲਈ ਉਹ ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ, — ਬਲੀਦਾਨ ਅਰ ਭੇਟ ਤੂੰ ਨਹੀਂ ਚਾਹਿਆ, ਪਰ ਮੇਰੇ ਲਈ ਦੇਹੀ ਤਿਆਰ ਕੀਤੀ ।
- 6 ਹੋਮਬਲੀ ਅਰ ਪਾਪਬਲੀ ਤੋਂ ਤੂੰ ਪਰਸੰਨ ਨਹੀਂ ਹੁੰਦਾ,
- 7 ਤਦ ਮੈਂ ਆਖਿਆ, ਵੇਖ, ਮੈਂ ਆਇਆ ਹਾਂ, ਹੇ ਪਰਮੇਸ਼ੁਰ, ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਾਂ, ਜਿਵੇਂ ਪੁਸਤਕ ਦੀ ਪੱਤ੍ਰੀ ਵਿੱਚ ਮੇਰੇ ਵਿਖੇ ਲਿਖਿਆ ਹੋਇਆ ਹੈ।।
- 8 ਉੱਪਰ ਜੋ ਕਹਿੰਦਾ ਹੈ ਭਈ ਤੈਂ ਬਲੀਦਾਨਾਂ, ਭੇਟਾਂ, ਹੋਮਬਲੀਆਂ ਅਰ ਪਾਪਬਲੀਆਂ ਨੂੰ ਨਾ ਚਾਹਿਆ, ਨਾ ਉਨ੍ਹਾਂ ਤੋਂ ਪਰਸੰਨ ਹੋਇਆ, - ਪਰ ਏਹ ਸ਼ਰਾ ਦੇ ਅਨੁਸਾਰ ਚੜ੍ਹਾਏ ਜਾਂਦੇ ਹਨ —
- 9 ਤਦ ਓਨ ਆਖਿਆ, ਵੇਖ, ਮੈਂ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਆਇਆ ਹਾਂ। ਉਹ ਪਹਿਲੇ ਨੂੰ ਹਟਾਉਂਦਾ ਹੈ ਭਈ ਦੂਏ ਨੂੰ ਕਾਇਮ ਕਰੇ
- 10 ਅਤੇ ਉਸੇ ਇੱਛਿਆ ਕਰਕੇ ਅਸੀਂ ਯਿਸੂ ਮਸੀਹ ਦੀ ਦੇਹੀ ਦੇ ਇੱਕੋ ਵਾਰ ਚੜ੍ਹਾਏ ਜਾਣ ਦੇ ਰਾਹੀਂ ਪਵਿੱਤਰ ਕੀਤੇ ਗਏ ਹਾਂ
- 11 ਅਤੇ ਹਰੇਕ ਜਾਜਕ ਨਿੱਤ ਖੜਾ ਹੋ ਕੇ ਉਪਾਸਨਾ ਕਰਦਾ ਹੈ ਅਤੇ ਇੱਕੋ ਪਰਕਾਰ ਦੇ ਬਲੀਦਾਨ ਜਿਹੜੇ ਪਾਪਾਂ ਨੂੰ ਕਦੇ ਲੈ ਜਾ ਨਹੀਂ ਸੱਕਦੇ ਵਾਰ ਵਾਰ ਚੜ੍ਹਾਉਂਦਾ ਹੈ
- 12 ਪਰ ਏਹ ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜ੍ਹਾ ਕੇ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ
- 13 ਅਤੇ ਇਦੋਂ ਅੱਗੇ ਉਡੀਕ ਕਰਦਾ ਹੈ ਜੋ ਉਹ ਦੇ ਵੈਰੀ ਉਹ ਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ
- 14 ਕਿਉਂ ਜੋ ਉਹ ਨੇ ਇੱਕੋ ਭੇਟ ਨਾਲ ਉਨ੍ਹਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਹੈ
- 15 ਅਤੇ ਪਵਿੱਤਰ ਆਤਮਾ ਭੀ ਸਾਨੂੰ ਸਾਖੀ ਦਿੰਦਾ ਹੈ ਕਿਉਂ ਜੋ ਇਹ ਦੇ ਮਗਰੋਂ ਜਦ ਆਖਿਆ ਸੀ, -
- 16 ਏਹ ਉਹ ਨੇਮ ਹੈ ਜਿਹੜਾ ਮੈਂ ਓਹਨਾਂ ਨਾਲ ਬੰਨ੍ਹਾਗਾਂ, ਉਨ੍ਹਾਂ ਦਿਨਾਂ ਦੇ ਮਗਰੋਂ, ਪ੍ਰਭੁ ਆਖਦਾ ਹੈ, - ਮੈਂ ਆਪਣੇ ਕਾਨੂੰਨ ਓਹਨਾਂ ਦਿਆਂ ਹਿਰਦਿਆਂ ਉੱਤੇ ਪਾਵਾਂਗਾ, ਅਤੇ ਓਹਨਾਂ ਦਿਆਂ ਮਨਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ,
- 17 ਅਤੇ ਓਹਨਾਂ ਦੇ ਪਾਪਾਂ ਨੂੰ, ਅਤੇ ਓਹਨਾਂ ਦੀਆਂ ਬਦਕਾਰੀਆਂ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ।।
- 18 ਸੋ ਜਿੱਥੇ ਇਨ੍ਹਾਂ ਦੀ ਮਾਫ਼ੀ ਹੈ ਉੱਥੇ ਪਾਪ ਲਈ ਫੇਰ ਭੇਟ ਨਹੀਂ ਚੜ੍ਹਾਈ ਜਾਂਦੀ।।
- 19 ਉਪਰੰਤ ਹੇ ਭਰਾਵੋ, ਜਦੋਂ ਸਾਨੂੰ ਯਿਸੂ ਦੇ ਲਹੂ ਦੇ ਕਾਰਨ ਪਵਿੱਤਰ ਅਸਥਾਨ ਦੇ ਅੰਦਰ ਜਾਣ ਦੀ ਦਿਲੇਰੀ ਹੈ
- 20 ਅਰਥਾਤ ਓਸ ਨਵੇਂ ਅਤੇ ਜੀਉਂਦੇ ਰਾਹ ਥੀਂ ਜਿਹੜਾ ਉਹ ਨੇ ਪੜਦੇ ਮਾਨੋ ਆਪਣੇ ਸਰੀਰ ਥਾਣੀ ਸਾਡੇ ਲਈ ਖੋਲ੍ਹਿਆ
- 21 ਅਤੇ ਜਦੋਂ ਸਾਡਾ ਇੱਕ ਮਹਾ ਜਾਜਕ ਹੈ ਜਿਹੜਾ ਪਰਮੇਸ਼ੁਰ ਦੇ ਘਰ ਦੇ ਉੱਤੇ ਹੈ
- 22 ਤਾਂ ਆਓ, ਅਸੀਂ ਸੱਚੇ ਦਿਲ ਅਤੇ ਪੂਰੀ ਨਿਹਚਾ ਨਾਲ ਜਦੋਂ ਸਾਡੇ ਦਿਲ ਅਸ਼ੁੱਧ ਅੰਤਹਕਰਨ ਤੋਂ ਛਿੜਕਾਓ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹੀ ਸਾਫ਼ ਪਾਣੀ ਨਾਲ ਨੁਲ੍ਹਾਈ ਗਈ ਨੇੜੇ ਜਾਈਏ
- 23 ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰਖੀਏ ਕਿਉਂਕਿ ਜਿਹ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ
- 24 ਅਤੇ ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ
- 25 ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੁੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।।
- 26 ਜੇ ਅਸੀਂ ਸਤ ਦਾ ਗਿਆਨ ਪਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫੇਰ ਕੋਈ ਬਲੀਦਾਨ ਨਹੀਂ
- 27 ਪਰ ਨਿਆਉਂ ਦੀ ਭਿਆਣਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ
- 28 ਜਿਸ ਕਿਸੇ ਨੇ ਮੂਸਾ ਦੀ ਸ਼ਰਾ ਦੀ ਟਾਲਨਾ ਕੀਤੀ ਹੋਵੇ ਓਹ ਦੋਂਹ ਯਾ ਤਿਹੁੰ ਗਵਾਹਾਂ ਦੀ ਗਵਾਹੀ ਨਾਲ ਬਿਨਾ ਤਰਸ ਕੀਤਿਆਂ ਮਾਰਿਆ ਜਾਂਦਾ ਹੈ
- 29 ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀਕੁ ਹੋਰ ਵੀ ਕਰੜੀ ਸਜ਼ਾ ਦੇ ਜੋਗ ਠਹਿਰਾਇਆ ਜਾਵੇਗਾ ਜਿਹ ਨੇ ਪਰਮੇਸ਼ੁਰ ਦੇ ਪੁੱਤ੍ਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਹ ਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਐਵੇਂ ਕਿਵੇਂ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਅਪਜਸ ਕੀਤਾ
- 30 ਕਿਉਂ ਜੋ ਅਸੀਂ ਉਹ ਨੂੰ ਜਾਣਦੇ ਹਾਂ ਜਿਹ ਨੇ ਆਖਿਆ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ ਅਤੇ ਫੇਰ ਇਹ ਕਿ ਪ੍ਰਭੁ ਆਪਣੀ ਪਰਜਾ ਦਾ ਨਿਆਉਂ ਕਰੇਗਾ
- 31 ਜੀਉਂਦੇ ਪਰਮੇਸ਼ੁਰ ਦੇ ਹੱਥ ਵਿੱਚ ਪੈਣਾ ਭਿਆਣਕ ਗੱਲ ਹੈ!।।
- 32 ਪਰ ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਆਪਣੇ ਉਜਿਆਲੇ ਕੀਤੇ ਜਾਣ ਦੇ ਪਿੱਛੋਂ ਤੁਸਾਂ ਦੁਖਾਂ ਦੇ ਵੱਡੇ ਘੋਲਮਘੋਲ ਨੂੰ ਸਹਿ ਲਿਆ
- 33 ਕਦੀ ਤਾਂ ਤੁਸੀਂ ਨਿੰਦਿਆ ਅਤੇ ਬਿਪਤਾ ਦੇ ਕਾਰਨ ਤਮਾਸ਼ਾ ਬਣੇ, ਅਤੇ ਕਦੀ ਓਹਨਾਂ ਦੇ ਸਾਂਝੀ ਹੋਏ ਜਿਨ੍ਹਾਂ ਨਾਲ ਇਸ ਤਰਾਂ ਦੁਰਦਸ਼ਾ ਹੁੰਦੀ ਸੀ
- 34 ਕਿਉਂ ਜੋ ਤੁਸੀਂ ਕੈਦੀਆਂ ਦੇ ਦਰਦੀ ਹੋਏ, ਨਾਲੇ ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਨਾਲ ਮੰਨ ਲਿਆ ਇਹ ਜਾਣ ਕੇ ਭਈ ਸਾਡਾ ਇੱਕ ਧਨ ਇਸ ਨਾਲੋ ਉੱਤਮ ਅਤੇ ਅਟੱਲ ਹੈ
- 35 ਸੋ ਤੁਸਾਂ ਆਪਣੀ ਦਿਲੇਰੀ ਨੂੰ ਕਿਤੇ ਗੁਆ ਨਾ ਬੈਠਣਾ ਕਿ ਉਹ ਦਾ ਵੱਡਾ ਫਲ ਹੈ
- 36 ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਭਈ ਤੁਸੀਂ ਪਰਮੇਸ਼ੁਰ ਦੀ ਇੱਛਿਆ ਨੂੰ ਪੂਰਿਆਂ ਕਰ ਕੇ ਵਾਇਦੇ ਨੂੰ ਪਰਾਪਤ ਕਰੋ
- 37 ਇਹ ਲਿਖਿਆ ਹੈ, - ਹੁਣ ਥੋੜਾ ਜਿਹਾ ਚਿਰ ਹੈ, ਜੋ ਆਉਣ ਵਾਲਾ ਆਵੇਗਾ, ਅਤੇ ਚਿਰ ਨਾ ਲਾਵੇਗਾ।
- 38 ਪਰ ਮੇਰਾ ਧਰਮੀ ਬੰਦਾ ਨਿਹਚਾ ਤੋਂ ਜੀਵੇਗਾ, ਅਤੇ ਜੇ ਉਹ ਪਿਛਾਂਹਾ ਹਟ ਜਾਵੇ, ਮੇਰਾ ਜੀ ਉਸ ਤੋਂ ਪਰਸੰਨ ਨਹੀਂ ਹੋਵੇਗਾ ।।
- 39 ਪਰ ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਓਹਨਾਂ ਵਿੱਚੋਂ ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।।
- 1 ਲਿਖਤੁਮ ਯਹੂਦਾਹ ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਯਾਕੂਬ ਦਾ ਭਰਾ ਹਾਂ, ਅੱਗੇ ਜੋਗ ਉਨ੍ਹਾਂ ਨੂੰ ਜਿਹੜੇ ਸੱਦੇ ਹੋਏ ਅਤੇ ਪਿਤਾ ਪਰਮੇਸ਼ੁਰ ਵਿੱਚ ਪਿਆਰੇ ਅਤੇ ਯਿਸੂ ਮਸੀਹ ਦੇ ਲਈ ਰੱਖੇ ਹੋਏ ਹਨ,
- 2 ਤੁਹਾਡੇ ਲਈ ਰਹਮ, ਸ਼ਾਂਤੀ ਅਤੇ ਪ੍ਰੇਮ ਵੱਧ ਤੋਂ ਵੱਧ ਹੁੰਦਾ ਜਾਵੇ।।
- 3 ਪਿਆਰਿਓ, ਜਦੋਂ ਸਾਡੀ ਸਾਂਝੀ ਮੁਕਤੀ ਦੇ ਵਿਖੇ ਮੈਂ ਤੁਹਾਨੂੰ ਲਿਖਣ ਦੀ ਬਹੁਤ ਚਾਹ ਕਰਦਾ ਸਾਂ ਤਾਂ ਮੈਂ ਤੁਹਾਨੂੰ ਲਿਖ ਕੇ ਤਗੀਦ ਕਰਨੀ ਜ਼ਰੂਰੀ ਜਾਣੀ ਭਈ ਤੁਸੀਂ ਓਸ ਨਿਹਚਾ ਦੇ ਲਈ ਜਿਹੜੀ ਇੱਕੋ ਹੀ ਵਾਰ ਸੰਤਾਂ ਨੂੰ ਸੌਂਪੀ ਗਈ ਸੀ ਜਤਨ ਕਰੋ
- 4 ਕਿਉਂ ਜੋ ਕਈ ਮਨੁੱਖ ਚੋਰੀਂ ਆ ਵੜੇ ਹਨ ਜਿਹੜੇ ਇਸ ਸਜ਼ਾ ਲਈ ਪਰਾਚੀਨ ਕਾਲ ਵਿੱਚ ਅਗੇਤਰੇ ਲਿਖੇ ਗਏ ਸਨ, ਸ਼ਤਾਨੀ ਮਨੁੱਖ ਜਿਹੜੇ ਸਾਡੇ ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰ ਕੇ ਲੁੱਚਪੁਣੇ ਵੱਲ ਲਾ ਲੈਂਦੇ ਹਨ ਅਤੇ ਯਿਸੂ ਮਸੀਹ ਦਾ ਜਿਹੜਾ ਇੱਕੋ ਹੀ ਸਾਡਾ ਸੁਆਮੀ ਅਤੇ ਪ੍ਰਭੁ ਹੈ ਇਨਕਾਰ ਕਰਦੇ ਹਨ।।
- 5 ਹੁਣ ਭਾਵੇਂ ਤੁਸੀਂ ਇੱਕੋ ਵਾਰ ਸੱਭੋ ਕੁਝ ਜਾਣ ਵੀ ਚੁੱਕੇ ਹੋ ਤਾਂ ਵੀ ਮੈਂ ਤੁਹਾਨੂੰ ਚਿਤਾਰਿਆ ਚਾਹੁੰਦਾ ਹਾਂ ਭਈ ਪ੍ਰਭੁ ਨੇ ਲੋਕਾਂ ਨੂੰ ਮਿਸਰ ਦੇਸ ਵਿੱਚੋਂ ਬਚਾ ਕੇ ਪਿੱਛੋਂ ਉਨ੍ਹਾਂ ਦਾ ਜਿਨ੍ਹਾਂ ਪਰਤੀਤ ਨਾ ਕੀਤੀ ਨਾਸ ਕੀਤਾ
- 6 ਅਤੇ ਉਨ੍ਹਾਂ ਦੂਤਾਂ ਨੂੰ ਜੋ ਆਪਣੀ ਪਦਵੀ ਵਿੱਚ ਨਾ ਰਹੇ ਸਗੋਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਉਹ ਨੇ ਅਨ੍ਹੇਰੇ ਘੁੱਪ ਵਿੱਚ ਓਸ ਵੱਡੇ ਦਿਹਾੜੇ ਦੇ ਨਿਆਉਂ ਲਈ ਸਦੀਪਕ ਬੰਧਨਾਂ ਵਿੱਚ ਰੱਖ ਛੱਡਿਆ
- 7 ਜਿਵੇਂ ਸਦੂਮ ਅਤੇ ਅਮੂਰਾਹ ਅਤੇ ਓਹਨਾਂ ਦੇ ਲਾਂਭ ਛਾਂਭ ਦੇ ਨਗਰ ਏਹਨਾਂ ਵਾਂਙੁ ਹਰਾਮਕਾਰੀ ਕਰ ਕੇ ਅਤੇ ਪਰਾਏ ਸਰੀਰ ਦੇ ਮਗਰ ਲੱਗ ਕੇ ਸਦੀਪਕ ਅੱਗ ਦੀ ਸਜ਼ਾ ਭੋਗਦੇ ਹੋਏ ਨਮੂਨਾ ਬਣਾਏ ਹੋਏ ਹਨ
- 8 ਤਾਂ ਵੀ ਇਸੇ ਤਰਾਂ ਏਹ ਵੀ ਆਪਣੇ ਸੁਫ਼ਨਿਆਂ ਵਿੱਚ ਸਰੀਰ ਨੂੰ ਭ੍ਰਿਸ਼ਟ ਕਰਦੇ, ਹਕੂਮਤਾਂ ਨੂੰ ਤੁੱਛ ਜਾਣਦੇ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ ਹਨ
- 9 ਪਰ ਮਹਾਂ ਦੂਤ ਮੀਕਾਏਲ ਜਾਂ ਸ਼ਤਾਨ ਨਾਲ ਝਗੜਾ ਕਰ ਕੇ ਮੂਸਾ ਦੀ ਲੋਥ ਦੇ ਵਿਖੇ ਵਿਵਾਦ ਕਰਦਾ ਸੀ ਤਾਂ ਉਹ ਦਾ ਹਿਆਉਂ ਨਾ ਪਿਆ ਭਈ ਮਿਹਣਾ ਮਾਰ ਕੇ ਓਸ ਉੱਤੇ ਦੋਸ਼ ਲਾਵੇ ਸਗੋਂ ਇਹ ਆਖਿਆ ਭਈ ਪ੍ਰਭੁ ਤੈਨੂੰ ਸਮਝੇ!
- 10 ਪਰ ਇਹ ਲੋਕ ਜੋ ਕੁਝ ਓਹ ਜਾਣਦੇ ਹੀ ਨਹੀਂ ਓਹ ਦੇ ਵਿਖੇ ਕੁਫ਼ਰ ਬਕਦੇ ਹਨ ਅਤੇ ਜੋ ਕੁਝ ਬੇ ਅਕਲ ਪਸੂਆਂ ਵਰਗੇ ਸੁਭਾਉ ਨਾਲ ਹੀ ਜਾਣਦੇ ਹਨ ਉਸ ਵਿੱਚ ਨਾਸ ਹੋ ਜਾਂਦੇ ਹਨ
- 11 ਹਾਇ ਉਨ੍ਹਾਂ ਨੂੰ! ਕਿਉਂ ਜੋ ਓਹ ਕਇਨ ਦੇ ਰਾਹ ਲੱਗ ਤੁਰੇ ਅਤੇ ਲਾਹੇ ਪਿੱਛੇ ਬਿਲਆਮ ਦੇ ਭਰਮ ਵਿੱਚ ਸਿਰ ਤੋੜ ਭੱਜੇ ਅਤੇ ਕੋਰਾਹ ਦੇ ਵਿਰੋਧ ਵਿੱਚ ਨਾਸ ਹੋਏ
- 12 ਏਹ ਓਹ ਹਨ ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ ਪੀਂਦੇ ਹੋਏ ਤੁਹਾਡੇ ਪ੍ਰੇਮ ਭੋਜਨਾਂ ਵਿੱਚ ਡੁੱਬੇ ਹੋਏ ਟਿੱਲੇ ਹਨ । ਏਹ ਆਪਣੇ ਹੀ ਢਿੱਡ ਭਰਦੇ ਹਨ । ਏਹ ਪੌਣਾਂ ਦੇ ਉਡਾਏ ਹੋਕੇ ਸੁੱਕੇ ਬੱਦਲ ਹਨ । ਏਹ ਪੱਤ ਝੜ ਰੁੱਤ ਦੇ ਬਿਰਛ ਹਨ ਜੋ ਅਫਲ, ਦੋ ਵਾਰੀ ਮੋਏ ਅਤੇ ਜੜ੍ਹੋਂ ਪੁੱਟੇ ਹੋਏ ਹਨ
- 13 ਏਹ ਸਮੁੰਦਰ ਦੀਆਂ ਸ਼ੂਕਰਦੀਆਂ ਠਾਠਾਂ ਹਨ ਜੋ ਆਪਣੀ ਸ਼ਰਮਿੰਦਗੀ ਦੀ ਝੱਗ ਉਛਾਲਦੀਆਂ ਹਨ । ਏਹ ਘੁੰਮਣ ਵਾਲੇ ਤਾਰੇ ਹਨ ਜਿਨ੍ਹਾਂ ਲਈ ਸਦਾ ਤੀਕ ਦਾ ਅਨ੍ਹੇਰ ਘੁੱਪ ਘੇਰ ਰੱਖ ਛੱਡਿਆ ਹੋਇਆ ਹੈ
- 14 ਨਾਲੇ ਹਨੋਕ ਨੇ ਜਿਹੜਾ ਆਦਮ ਤੋਂ ਸੱਤਵੀਂ ਪੀਹੜੀ ਦਾ ਸੀ ਏਹਨਾਂ ਹੀ ਦੇ ਵਿਖੇ ਅਗੰਮ ਵਾਕ ਕਰ ਕੇ ਆਖਿਆ ਭਈ ਵੇਖੋ, ਪ੍ਰਭੁ ਆਪਣੇ ਲੱਖਾਂ ਸੰਤਾਂ ਸਣੇ ਆਇਆ
- 15 ਭਈ ਸਭਨਾਂ ਦਾ ਨਿਆਉਂ ਕਰੇ ਅਤੇ ਸਭਨਾਂ ਸ਼ਤਾਨੀਆਂ ਨੂੰ ਉਨ੍ਹਾਂ ਦਿਆਂ ਸਾਰੀਆਂ ਸ਼ਤਾਨੀ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਸ਼ਤਾਨੀ ਨਾਲ ਕੀਤੇ ਸਨ ਅਤੇ ਸਾਰਾਂ ਕਰਖਤ ਗੱਲਾਂ ਦੇ ਕਾਰਨ ਜੋ ਸ਼ਤਾਨੀ ਪਾਪੀਆਂ ਨੇ ਉਹ ਦੇ ਵਿਰੁੱਧ ਆਖੀਆਂ ਸਨ ਦੋਸ਼ੀ ਠਹਿਰਾਵੇ
- 16 ਏਹ ਬੁੜ ਬੁੜਾਉਣ ਅਤੇ ਸ਼ਿਕਾਇਤ ਕਰਨ ਵਾਲੇ ਹਨ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਦੇ ਹਨ ਅਤੇ ਮੂੰਹੋਂ ਵੱਡੀਆਂ ਵੱਡੀਆਂ ਫੋਕੀਆਂ ਗੱਪਾਂ ਮਾਰਦੇ ਹਨ ਅਤੇ ਲਾਹੇ ਪਿੱਛੋਂ ਮੂੰਹ ਉੱਤੇ ਵਡਿਆਈ ਕਰਦੇ ਹਨ।।
- 17 ਪਰ ਤੁਸੀਂ ਹੇ ਪਿਆਰਿਓ, ਇਨ੍ਹਾਂ ਗੱਲਾਂ ਨੂੰ ਚੇਤੇ ਰੱਖੋ ਜੋ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਸੂਲ ਨੇ ਅੱਗੋਂ ਆਖੀਆਂ
- 18 ਭਈ ਉਨ੍ਹਾਂ ਨੇ ਤੁਹਾਨੂੰ ਕਿਹਾ ਜੋ ਅੰਤ ਤੇ ਸਮੇਂ ਠੱਠਾ ਕਰਨ ਵਾਲੇ ਹੋਣਗੇ ਜਿਹੜੇ ਆਪਣੇ ਸ਼ਤਾਨੀ ਕਾਮਨਾਂ ਦੇ ਅਨੁਸਾਰ ਚੱਲਣਗੇ
- 19 ਏਹ ਓਹੋ ਹਨ ਜਿਹੜੇ ਧੜੇਬਾਜ਼, ਸਰੀਰਕ ਹਨ ਜਿਨ੍ਹਾਂ ਵਿੱਚ ਆਤਮਾ ਨਹੀਂ
- 20 ਪਰ ਤੁਸੀਂ ਹੇ ਪਿਆਰਿਓ, ਆਪਣੇ ਆਪ ਨੂੰ ਆਪਣੀ ਅੱਤ ਪਵਿੱਤਰ ਨਿਹਚਾ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ
- 21 ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੁ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ
- 22 ਅਤੇ ਕਿੰਨਿਆਂ ਉੱਤੇ ਜਿਹੜੇ ਦੁਬਧਾ ਵਿੱਚ ਪਏ ਹੋਏ ਹਨ ਦਯਾ ਕਰੋ
- 23 ਅਤੇ ਕਿੰਨਿਆਂ ਨੂੰ ਅੱਗ ਵਿੱਚੋਂ ਧੂ ਖਿੱਚ ਕੇ ਬਚਾਓ, ਅਤੇ ਓਸ ਬਸਤ੍ਰ ਤੋਂ ਵੀ ਜਿਹ ਦੇ ਵਿੱਚ ਦੇਹੀ ਦਾ ਦਾਗ ਲੱਗਿਆ ਹੋਵੇ ਸੂਗ ਕਰਦੇ ਹੋਏ ਕਿੰਨਿਆ ਉੱਤੇ ਭੈ ਨਾਲ ਦਯਾ ਕਰੋ ।।
- 24 ਹੁਣ ਜਿਹੜਾ ਸਮਰੱਥ ਹੈ ਜੋ ਤੁਹਾਨੂੰ ਠੇਡੇ ਖਾਣ ਤੋਂ ਬਚਾ ਸੱਕਦਾ ਅਤੇ ਤੁਹਾਨੂੰ ਆਪਣੀ ਮਹਿਮਾ ਦੇ ਸਨਮੁਖ ਅਨੰਦ ਸਹਿਤ ਨਿਰਮਲ ਖੜਾ ਕਰ ਸੱਕਦਾ ਹੈ
- 25 ਓਸੇ ਦੀ ਅਰਥਾਤ ਓਸ ਅਦੁਤੀ ਪਰਮੇਸ਼ੁਰ ਦੀ ਜੋ ਸਾਡਾ ਮੁਕਤੀ ਦਾਤਾ ਹੈ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਸਭਨਾਂ ਜੁੱਗਾਂ ਤੋਂ ਪਹਿਲਾਂ ਅਤੇ ਹੁਣ ਵੀ ਅਤੇ ਸਭਨਾਂ ਜੁੱਗਾਂ ਤੀਕੁਰ ਮਹਿਮਾ, ਪਰਾਕ੍ਰਮ, ਮਹਾਨਤਾ ਅਤੇ ਇਖ਼ਤਿਆਰ ਹੋਵੇ।। ਆਮੀਨ।।